ਬੀਰਬਲ ਰਿਸ਼ੀ
ਸ਼ੇਰਪੁਰ, 24 ਸਤੰਬਰ
ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਹਲਕਾ ਮਹਿਲ ਕਲਾਂ ਤੋਂ ਸੰਤ ਸਮਾਜ ਦੇ ਆਗੂ ਸੰਤ ਸੁਖਵਿੰਦਰ ਸਿੰਘ ਟਿੱਬਾ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਹੋਣਗੇ। ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ‘ਸੰਤ ਜੀ’ ਦੀ ਧਾਰਮਿਕ ਤੇ ਰਾਜਸੀ ਖੇਤਰ ਵਿੱਚ ਵਿਲੱਖਣ ਪਛਾਣ, ਉਚ ਵਿਦਿਅਕ ਯੋਗਤਾ ਅਤੇ ਸਮਾਜ ਸੇਵੀ ਕੰਮਾਂ ਦੀ ਬਕਾਇਦਾ ਮੈਰਿਟ ਦੇ ਅਧਾਰ ‘ਤੇ ਪਾਰਟੀ ਨੇ ਇਹ ਪਹਿਲੀ ਟਿਕਟ ਦੇਣ ਦਾ ਫੈਸਲਾ ਲਿਆ ਹੈ। ਸ੍ਰੀ ਢੀਂਡਸਾ ਨੇ ਕਿਹਾ ਅਕਾਲੀ ਦਲ ਦੀ ਮੁਢਲੀ ਸੋਚ ਬਹੁਤ ਹੀ ਪਾਕਿ ਪਵਿੱਤਰ ਸੀ ਜਿਸ ਨੂੰ ਨਿੱਜਵਾਦ ਲਈ ਸੁਖਬੀਰ ਸਿੰਘ ਬਾਦਲ ਹੁਰਾਂ ਨੇ ਨਾਪਾਕ ਕਰ ਦਿੱਤਾ ਪਰ ਹੁਣ ਅਕਾਲੀ ਦਲ ਸੰਯੁਕਤ ਪਾਰਟੀ ਦੀ ਮੁੱਢਲੀ ਸੋਚ ਨੂੰ ਅਧਾਰ ਬਣਾਕੇ ਅੱਗੇ ਵਧੇਗਾ। ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਢੀਂਡਸਾ ਦੇ ਮੀਡੀਆ ਸਲਾਹਕਾਰ ਗੁਰਮੀਤ ਸਿੰਘ ਜੌਹਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਹਿਤਾਬ ਸਿੰਘ ਗੰਡੇਵਾਲ, ਪਾਰਟੀ ਦੇ ਸਰਕਲ ਪ੍ਰਧਾਨ ਮਹਿਕਮ ਸਿੰਘ ਦੀਦਾਰਗੜ੍ਹ ਆਦਿ ਵੀ ਹਾਜ਼ਰ ਸਨ।
‘ਆਪ’ ਨਾਲ ਸਮਝੌਤੇ ਦੀ ਅਜੇ ਕੋਈ ਗੱਲ ਨਹੀਂ
ਲੌਂਗੋਵਾਲ (ਜਗਤਾਰ ਸਿੰਘ ਨਹਿਲ): ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਸੰਯੁਕਤ ਅਕਾਲੀ ਦਲ ਵਲੋਂ ਸੂਬੇ ਦੇ ਸਾਰੇ 117 ਹਲਕਿਆਂ ਵਿਚ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਫਿਲਹਾਲ ਅਜੇ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੀ ਕੋਈ ਵੀ ਗੱਲ ਨਹੀਂ ਚੱਲ ਰਹੀ।