ਲਹਿਰਾਗਾਗਾ (ਪੱਤਰ ਪ੍ਰੇਰਕ): ਪਿੰਡ ਅੜਕਵਾਸ ਤੋਂ ਲਹਿਰਾਗਾਗਾ ਤੱਕ ਲਿੰਕ ਸੜਕ ਦੇ ਨਾਲ-ਨਾਲ ਬਗੈਰ ਸੀਮਿੰਟ ਤੇ ਗਟਕੇ ਤੋਂ ਲਗਾਈ ਜਾ ਰਹੀ ਇੰਟਰਲਾਕ ਟਾਈਲਾਂ ਨੇ ਲੋਕ ਨਿਰਮਾਣ ਵਿਭਾਗ ਦੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਸਬੰਧਤ ਠੇਕੇਦਾਰ ਨੇ ਅਧਿਕਾਰੀਆਂ ਦੀ ਮਿਲੀ-ਭੁਗਤ ਨਾਲ ਲੱਗੀਆਂ ਟਾਈਲਾਂ ਨੂੰ ਪੁੱਟਵਾ ਦਿੱਤਾ।
ਇਸ ਮਗਰੋਂ ਜਦੋਂ ਇੱਕ ਟਰੱਕ ’ਚ ਟਾਈਲਾਂ ਨੂੰ ਭਰ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਅਤੇ ਬੀਕੇਯੂ ਸਿੱਧੂਪੁਰ ਦੇ ਆਗੂਆਂ ਨੇ ਕੰਮ ਵਿਚਕਾਰ ਛੱਡ ਕੇ ਇੰਟਰਲਾਕ ਟਾਈਲਾਂ ਲਿਜਾਣ ਵਾਲੇ ਟਰੱਕ ਨੂੰ ਰੋਕ ਲਿਆ ਅਤੇ ਸੜਕ ’ਤੇ ਧਰਨਾ ਦੇ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਧਰਨੇ ’ਤੇ ਬੈਠੇ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਸਬੰਧਤ ਠੇਕੇਦਾਰ ਦੇ ਕਰਿੰਦਿਆਂ ਨੂੰ ਕੰਮ ਸਹੀ ਕਰਨ ਲਈ ਆਖਿਆ ਤਾਂ ਉਨ੍ਹਾਂ ਕੰਮ ਛੱਡ ਕੇ ਇੱਟਾਂ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਜਿਹਾ ਨਹੀਂ ਹੋਣ ਦੇਣਗੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕੰਮ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਧਰਨੇ ’ਤੇ ਡਟੇ ਰਹਿਣਗੇ। ਦੂਜੇ ਪਾਸੇ ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਦਰ ਦੇ ਇਸਪੈਕਟਰ ਰਣਬੀਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਬੰਧਤ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਦਾ ਜਾਇਜ਼ਾ ਲੈਣਗੇ ਤੇ ਕੰਮ ਪੂਰਾ ਕਰਨ ਦਾ ਭਰੋਸਾ ਦਿਵਾਇਆ ਜਾਵੇਗਾ।
ਇਸ ਦੌਰਾਨ ਜਦੋਂ ਐੱਸਡੀਓ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਜੇਈ ਮੇਘ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਕਸੀਅਨ ਵੱਲੋਂ ਕੰਮ ਰੋਕ ਦਿੱਤਾ ਗਿਆ ਸੀ। ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਕਿ ਜਲਦ ਹੀ ਸੜਕ ਨੂੰ ਬਣਾਇਆ ਜਾਵੇਗਾ।