ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ , 30 ਅਪਰੈਲ
ਅੱਜ ਇਥੋਂ ਨੇੜਲੇ ਹੱਬਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਦੇ ਦੋ ਅਧਿਆਪਕਾਂ ਦੀ ਬਦਲੀ ਹੋਣ ਦੇ ਰੋਸ ਵਜੋਂ 3 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਇਸ ਦੌਰਾਨ ਬਾਕੀ ਸਕੂਲ ਸਟਾਫ ਸਮੇਤ ਐੱਸਐੱਮਸੀ ਕਮੇਟੀ ਨੇ ਧਰਨਾ ਲਗਾ ਕੇ ਸਕੂਲ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਧਿਆਪਕ ਪ੍ਰਦੀਪ ਸਿੰਘ ਅਤੇ ਸਲੀਮ ਮੁਹੰਮਦ ਨੇ ਕਿਹਾ ਕਿ 27 ਅਪਰੈਲ ਨੂੰ ਮੈਨੇਜਮੈਂਟ ਵੱਲੋਂ ਬਿਨ੍ਹਾਂ ਕਿਸੇ ਨੋਟਿਸ ਤੋਂ ਉਨ੍ਹਾਂ ਦੀ ਬਦਲੀ ਕ੍ਰਮਵਾਰ ਆਦਰਸ਼ ਸਕੂਲ ਕਾਲੇਵਾਲ (ਮੁਹਾਲੀ) ਅਤੇ ਆਦਰਸ਼ ਸਕੂਲ ਗੰਢੂਆਂ (ਸੰਗਰੂਰ) ਵਿਖੇ ਕਰ ਦਿੱਤੀ ਗਈ। ਜਿਥੇ 1 ਮਈ ਨੂੰ ਜੁਆਇਨ ਕਰਨ ਦੇ ਆਰਡਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਸਕੂਲ ਉਨ੍ਹਾਂ ਨੂੰ 200-250 ਕਿਲੋਮੀਟਰ ਦੂਰ ਪੈਣਗੇ। ਉਨ੍ਹਾਂ ਵੱਲੋਂ ਮੈਨੇਜਮੈਂਟ ਨੂੰ ਐੱਸਐਮਐਸ ਕਮੇਟੀ ਦੀ ਮੌਜੂਦਗੀ ਵਿੱਚ ਬਦਲੀਆਂ ਨੂੰ ਰੱਦ ਕਰਾਉਣ ਲਈ ਅਰਜ਼ੀ ਵੀ ਦਿੱਤੀ ਗਈ ਸੀ ਪਰ ਸਕੂਲ ਮੈਨੇਜਮੈਂਟ ਦਾ ਕੋਈ ਜਵਾਬ ਨਹੀਂ ਆਇਆ। ਮਜਬੂਰੀ ਵੱਸ ਉਨ੍ਹਾਂ ਨੂੰ ਟੈਂਕੀ ’ਤੇ ਚੜ੍ਹਨਾ ਪਿਆ। ਸੁਖਰਾਜ ਸਿੰਘ ਘੁੰਮਣ ਡੀਐੱਸਪੀ ਭਵਾਨੀਗੜ੍ਹ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਸਬੰਧੀ ਐੱਸਡੀਐੱਮ ਭਵਾਨੀਗੜ੍ਹ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਪਾਣੀ ਵਾਲੀ ਟੈਂਕੀ ਤੋਂ ਅਧਿਆਪਕਾਂ ਨੂੰ ਹੇਠਾਂ ਉਤਾਰਕੇ ਡਾ. ਕਰਮਜੀਤ ਸਿੰਘ ਐੱਸਡੀਐੱਮ ਭਵਾਨੀਗੜ੍ਹ ਦੇ ਦਫਤਰ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਵਾਈਸ ਚੇਅਰਮੈਨ ਜਗਦੀਪ ਸਿੰਘ, ਹੈਪੀ ਸੋਹੀ ਐੱਸਐਮਸੀ ਮੈਂਬਰ, ਅਧਿਆਪਕ ਅਮਰਜੀਤ ਜੋਸ਼ੀ, ਮੈਡਮ ਸੁਮਨ ਲਤਾ, ਸੰਦੀਪ ਸਿੰਘ , ਮੈਡਮ ਸੰਦੀਪ ਕੌਰ, ਨਵਜੋਤ ਸਿੰਘ, ਓਂਕਾਰ ਸਿੰਘ, ਮੈਡਮ ਮੀਨਾ ਰਾਣੀ , ਮੈਡਮ ਸਤਵਿੰਦਰ ਕੌਰ, ਰਛਪਾਲ ਸਿੰਘ ,ਮੈਡਮ ਜਸਬੀਰ ਕੌਰ, ਰਮਨ ਸ਼ਰਮਾ, ਭਗਵੰਤ ਸਿੰਘ, ਲਵਪ੍ਰੀਤ ਸ਼ਰਮਾ , ਮੈਡਮ ਰਵੀਨਾ ਬਾਂਸਲ, ਪ੍ਰਦੀਪ ਸਿੰਘ ਅਤੇ ਵਰਿੰਦਰ ਜੀਤ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
ਇਸ ਸਬੰਧੀ ਜਦੋਂ ਸਕੂਲ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੁਲ 3 ਸਕੂਲ ਹਨ । ਇਸ ਸਕੂਲ ਵਿੱਚ 5 ਫ਼ਿਜ਼ੀਕਲ ਅਧਿਆਪਕ ਹਨ। ਜਦਕਿ ਦੋ ਸਕੂਲਾਂ ਵਿੱਚ ਫਿਜ਼ੀਕਲ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ, ਜਿਸ ਕਾਰਨ ਇਨ੍ਹਾਂ ਅਧਿਆਪਕਾਂ ਦੀ ਬਦਲੀ ਕੀਤੀ ਗਈ ਹੈ। ਉਨ੍ਹਾਂ ਅਧਿਆਪਕਾਂ ਨਾਲ ਕਿਸੇ ਵੀ ਰੰਜਿਸ਼ ਤਹਿਤ ਬਦਲੀਆਂ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ।