ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 24 ਜੂਨ
ਸ਼ਹਿਰ ਦੇ ਆਵਾਜਾਈ ਪ੍ਰਬੰਧ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਸਥਾਨਕ ਗਰੇਵਾਲ ਚੌਕ, ਕੇਪੀਐੱਮ. ਅਤੇ ਟਰੱਕ ਯੂਨੀਅਨ ਚੌਕ ’ਚ ਲਾਈਆਂ ਟਰੈਫਿਕ ਲਾਈਟਾਂ ਕਈ ਮਹੀਨਿਆਂ ਤੋਂ ਖ਼ਰਾਬ ਹਨ ਜਿਸ ਕਾਰਨ ਉਕਤ ਚੌਰਾਹਿਆਂ ’ਚ ਨਿੱਤ ਲੱਗਦੇ ਜਾਮ ਤੋਂ ਰਾਹਗੀਰ ਪ੍ਰੇਸ਼ਾਨ ਹਨ। ਇਨ੍ਹਾਂ ਚੌਰਾਹਿਆਂ ਤੋਂ ਬਿਨਾਂ ਰੋਕ -ਟੋਕ ਤੋਂ ਆਪ- ਮੁਹਾਰੇ ਗੁਜ਼ਰਦੇ ਵਾਹਨਾਂ ਕਰਕੇ ਹਰ ਵਕਤ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਪ੍ਰਸ਼ਾਸਨ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਕ ਤਾਂ ਮਾਲੇਰਕੋਟਲਾ ਜ਼ਿਲ੍ਹਾ ਬਣਨ ਕਰਕੇ ਲੋਕਾਂ ਦਾ ਆਪਣੇ ਦਫ਼ਤਰੀ ਕੰਮਾਂ -ਕਾਰਾਂ ਅਤੇ ਹੋਰਨਾਂ ਕੰਮਾਂ ਅਤੇ ਲੋੜਾਂ ਦੀ ਪੂਰਤੀ ਲਈ ਸ਼ਹਿਰ ਲਈ ਆਉਣ -ਜਾਣ ਵਧਣ ਨਾਲ ਸ਼ਹਿਰ ਅੰਦਰ ਵਾਹਨਾਂ ਦੀ ਗਿਣਤੀ ਵਧ ਗਈ ਹੈ। ਆਲ਼ੇ -ਦੁਆਲੇ ਦੇ ਪਿੰਡਾਂ ਦੇ ਲੋਕਾਂ ਲਈ ਵੀ ਇਹ ਚੌਕ ਸ਼ਹਿਰ ਲਈ ਦਾਖ਼ਲਾ ਬਿੰਦੂ ਹਨ। ਬਾਰ ਐਸੋਸੀਏਸ਼ਨ ਮਾਲੇਰਕੋਟਲਾ ਦੇ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ ਚਾਹਲ ਨੇ ਕਿਹਾ ਕਿ ਸ਼ਹਿਰ ਅੰਦਰ ਵਧ ਰਹੀ ਟਰੈਫਿਕ ਨੂੰ ਦੇਖਦਿਆਂ ਸ਼ਹਿਰ ਦੇ ਮੁੱਖ ਚੌਰਾਹਿਆਂ ਸਮੇਤ ਸਥਾਨਕ ਲੁਧਿਆਣਾ ਬਾਈਪਾਸ, ਸਰੌਦ ਚੌਕ, ਜਰਗ ਚੌਕ, ਗੁਰਦੁਆਰਾ ਹਾਅ ਦਾ ਨਾਅਰਾ ਚੌਕ, ਦਿੱਲੀ ਦਰਵਾਜ਼ੇ, ਸਰਹਿੰਦ ਦਰਵਾਜ਼ੇ ਅਤੇ ਕੇਲੋਂ ਦਰਵਾਜ਼ੇ ਦੇ ਬਾਹਰ ਟਰੈਫਿਕ ਸਿਗਨਲਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ|