ਅਸ਼ਵਨੀ ਗਰਗ/ਸੁਭਾਸ਼ ਚੰਦਰ
ਸਮਾਣਾ/ਰਾਮਨਗਰ, 23 ਦਸੰਬਰ
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚੋਂ ਟਰਾਂਸਪੋਰਟ ਮਾਫੀਆ ਦਾ ਸਫਾਇਆ ਹੋ ਗਿਆ ਹੈ, ਜਿਸ ਕਰਕੇ ਰਾਜ ਦੀਆਂ ਸਰਕਾਰੀ ਬੱਸਾਂ ਦਾ ਮੁਨਾਫ਼ਾ ਵਧਿਆ ਹੈ, ਜੋ ਕੁਝ ਦਿਨਾਂ ’ਚ ਦੋ ਕਰੋੜ ਰੁਪਏ ਤੱਕ ਪੁੱਜ ਜਾਵੇਗਾ। ਵੜਿੰਗ ਅੱਜ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਦੀ ਮੌਜੂਦਗੀ ’ਚ 6.11 ਕਰੋੜ ਰੁਪਏ ਦੀ ਲਾਗਤ ਨਾਲ ਸਮਾਣਾ ਦੇ ਬੱਸ ਅੱਡੇ ਦੇ ਨਵੀਨੀਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਪੁੱਜੇ ਹੋਏ ਸਨ।
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਸਾਢੇ ਚਾਰ ਸਾਲ ਭਾਜਪਾ ਤੇ ਬਾਦਲਾਂ ਨਾਲ ਮਿਲੇ ਰਹੇ। ਇਸੇ ਗੁਪਤ ਸਮਝੌਤੇ ਕਰਕੇ ਬਰਗਾੜੀ ਕਾਂਡ ਤੇ ਬੇਅਦਬੀ ਦੇ ਦੋਸ਼ੀਆਂ ਸਮੇਤ ਨਸ਼ਿਆਂ ਦੇ ਸੌਦਾਗਰਾਂ ਵਿਰੁਧ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਜੇਕਰ ਉਨ੍ਹਾਂ ਨੇ ਬਾਦਲਾਂ ਦੀਆਂ ਨਾਜਾਇਜ਼ ਚੱਲਦੀਆਂ ਬੱਸਾਂ ਨੂੰ ਫੜ ਕੇ ਅੰਦਰ ਕੀਤਾ ਹੈ ਤਾਂ ਹੀ ਉਹ ਉਨ੍ਹਾਂ ਨੂੰ ਧਮਕੀਆ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਦੇਸ਼ ਭਗਤਾਂ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਨਾ ਲੈਂਦੇ ਹਨ ਤੇ ਕਿਸੇ ਨੂੰ ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਨਹੀਂ ਲਾਉਣ ਦੇਣਗੇ।
ਵੜਿੰਗ ਨੇ ਵਿਧਾਇਕ ਰਾਜਿੰਦਰ ਸਿੰਘ ਨੂੰ ਇਮਾਨਦਾਰ ਸਿਆਸਤਦਾਨ ਦੱਸਦਿਆਂ ਉਨ੍ਹਾਂ ਦੇ ਪਿਤਾ ਚੇਅਰਮੈਨ ਲਾਲ ਸਿੰਘ ਦਾ ਆਪਣੀ ਸਫ਼ਲਤਾ ਲਈ ਮਦਦਗਾਰ ਬਣਨ ਲਈ ਧੰਨਵਾਦ ਕੀਤਾ। ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਹਲਕੇ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ, ਚੇਅਰਮੈਨ ਪ੍ਰਦੁਮਨ ਸਿੰਘ ਵਿਰਕ, ਰਤਨ ਸਿੰਘ ਚੀਮਾ, ਸ਼ਿਵ ਘੱਗਾ, ਪ੍ਰਦੀਪ ਸ਼ਰਮਾ, ਰਾਜ ਸਚਦੇਵਾਹੀਰਾ ਜੈਨ, ਸ਼ੰਕਰ ਜਿੰਦਲ, ਨਵੇਂ ਬਣੇ ਬਲਾਕ ਪ੍ਰਧਾਨ ਜੀਵਨ ਗਰਗ, ਅਸ਼ਵਨੀ ਸਿੰਗਲਾ, ਲਖਵਿੰਦਰ ਸਿੰਘ ਲੱਖਾ, ਹਰਬੰਸ ਸਿੰਘ ਦਦਹੇੜਾ , ਸੁਨੀਲ ਬੱਬਰ, ਸੰਦੀਪ ਲੂੰਬਾ, ਡਾ. ਸਤਪਾਲ ਜੌਹਰੀ, ਯੂਥ ਪ੍ਰਧਾਨ ਮੰਨੂ ਸ਼ਰਮਾ, ਸੇਵਾ ਸਿੰਘ, ਰਜਿੰਦਰ ਕੁਮਾਰ ਬੱਲੀ, ਰਕੇਸ਼ ਜਿੰਦਲ, ਅਰਜਨ ਸਿੰਘ ਭਿੰਡਰ, ਯਾਦਵਿੰਦਰ ਧਨੌਰੀ , ਬੱਗਾ ਸਰੰਪਚ, ਅਵਿਨਾਸ ਡਾਂਗ, ਜਤਿਨ ਵਰਮਾ, ਮੰਗਤ ਮਵੀ,ਗਗਨ ਸਿੰਗਲਾ, ਹਰਪ੍ਰੀਤ ਕੁਕਾ, ਸਮੇਤ ਸਮੁੱਚੇ ਕੌਂਸਲਰ ਅਤੇ ਹੋਰ ਪਤਵੰਤੇ ਵੱਡੀ ਗਿਣਤੀ ’ਚ ਮੌਜੂਦ ਸਨ।
ਨਾਭਾ ਦੇ ਆਧੁਨਿਕ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ
ਨਾਭਾ (ਜੈਸਮੀਨ ਭਾਰਦਵਾਜ): ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਤੇ ਆਧੁਨਿਕ ਬੱਸ ਅੱਡੇ ਦੀ ਉਸਾਰੀ ਦੇ ਪ੍ਰਾਜੈਕਟ ਦੀ ਸ਼ੁਰੂਆਤ, ਵਿਧਾਇਕ ਸਾਧੂ ਸਿੰਘ ਧਰਮਸੋਤ ਦੀ ਮੌਜੂਦਗੀ ’ਚ ਕਰਵਾਈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਵੀ ਮੌਜੂਦ ਸਨ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਨਾਭਾ ਦੇ ਬੱਸ ਅੱਡੇ ਲਈ ਵੀ ਲੋੜੀਂਦੇ ਫੰਡ ਪਹਿਲਾਂ ਹੀ ਭੇਜ ਦਿੱਤੇ ਗਏ ਹਨ ਅਤੇ ਇਸ ਦੀ ਉਸਾਰੀ ਦਾ ਕੰਮ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਨਗਰ ਕੌਂਸਲ ਨੂੰ ਸੌਂਪਿਆ ਗਿਆ ਹੈ। ਇਸ ਕੰਮ ਨੂੰ ਮਿੱਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਨਗਰ ਕੌਂਸਲ ਦੀ 2 ਏਕੜ ਜਗ੍ਹਾ ’ਚ 7750 ਵਰਗ ਫੁੱਟ ਖੇਤਰ ਵਾਲੇ ਬੱਸ ਅੱਡੇ ਵਿੱਚ ਬੱਸ ਯਾਤਰੀਆਂ ਖਾਸ ਕਰਕੇ ਬਜ਼ੁਰਗ ਨਾਗਰਿਕਾਂ ਲਈ 8 ਥੜ੍ਹੇ ਬਣਾਏ ਗਏ ਹਨ ਅਤੇ ਇੱਥੇ ਰੋਜ਼ਾਨਾ 264 ਬੱਸਾਂ ਦੀ ਆਮਦੋ-ਰਫ਼ਤ ਹੋਵੇਗੀ। ਇਸ ਤੋਂ ਇਲਾਵਾ ਨਵੀਂ ਚਾਰਦੀਵਾਰੀ, ਚਾਹ, ਕੌਫ਼ੀ ਆਦਿ ਦੀਆਂ ਦੁਕਾਨਾਂ, ਪੀਣ ਵਾਲੇ ਸਾਫ਼ ਪਾਣੀ ਅਤੇ ਟੋਆਇਲਟ ਦੀਆਂ ਸਹੂਲਤਾਂ ਵੀ ਸਥਾਪਤ ਕੀਤੀਆਂ ਜਾਣਗੀਆਂ। ਨਵੀਆਂ ਸਹੂਲਤਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਲਾਈਟਾਂ, ਜਨਰੇਟਰ ਸੈੱਟਾਂ ਤੋਂ ਇਲਾਵਾ ਪੁਰਸ਼ਾਂ ਅਤੇ ਔਰਤਾਂ ਲਈ ਵੱਖਰੇ ਰੈਸਟ ਰੂਮ, ਟਿਕਟ ਕਾਊਂਟਰ ਤੇ ਅੰਗਹੀਣਾਂ ਲਈ ਵੱਖਰੇ ਪਖਾਨਿਆਂ ਸਮੇਤ ਲੋਕਾਂ ਦੇ ਵਹੀਕਲਾਂ ਲਈ ਪਾਰਕਿੰਗ ਦਾ ਵੀ ਪ੍ਰਬੰਧ ਹੋਵੇਗਾ।