ਪੱਤਰ ਪ੍ਰੇਰਕ
ਲਹਿਰਾਗਾਗਾ, 9 ਜਨਵਰੀ
ਪਿੰਡ ਜਲੂਰ ’ਚ ਅੱਜ ਸ਼ਹੀਦ ਮਾਤਾ ਗੁਰਦੇਵ ਕੌਰ ਸ਼ਰਧਾਂਜਲੀ ਸਮਾਗਮ ਕਮੇਟੀ ਵੱਲੋਂ ਪੰਚਾਇਤੀ ਜ਼ਮੀਨੀ ਘੋਲ਼ ਦੀ ਪਹਿਲੀ ਸ਼ਹੀਦ ਮਾਤਾ ਗੁਰਦੇਵ ਕੌਰ ਨੂੰ ਸਮਰਪਿਤ ਚੌਥਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ’ਚ ਜ਼ਮੀਨੀ ਘੋਲ਼ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ ਗਿਆ। ਸਮਾਗਮ ਵਿੱਚ ਲਾਈਫ ਆਨ ਸਟੇਜ ਵੱਲੋਂ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਦਾ ਨਾਟਕ ਡਰਨਾ ਪੇਸ਼ ਕੀਤਾ ਗਿਆ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਅਤੇ ਸੁਖਪਾਲ ਖਿਆਲੀਵਾਲਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਗਸੀਰ ਸਿੰਘ ਨਮੋਲ, ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਸਵਰਨਜੀਤ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਮਾਤਾ ਗੁਰਦੇਵ ਕੌਰ ਤੀਜੇ ਹਿੱਸੇ ਜ਼ਮੀਨ ਸੰਘਰਸ਼ ਦੀ ਪਹਿਲੀ ਸ਼ਹੀਦ ਹੈ। ਉਨ੍ਹਾਂ ਕਿਹਾ ਕਿ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੇ ਬਣੇ ਕਾਨੂੰਨ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਜ਼ਮੀਨੀ ਘੋਲ ਤਹਿਤ ਵੱਖ-ਵੱਖ ਪਿੰਡਾਂ ’ਚ ਮਿਲੀ ਜ਼ਮੀਨ ਨਾਲ ਦਲਿਤ ਖੇਤ ਮਜ਼ਦੂਰ ਔਰਤਾਂ ਦਾ ਮਾਣ ਸਨਮਾਨ ਵਧਿਆ ਅਤੇ ਕੁੱਝ ਹੱਦ ਤੱਕ ਸੋਸ਼ਣ ਵੀ ਘਟਿਆ ਹੈ। ਇਹ ਘੋਲ ਸੰਗਰੂਰ ਦੇ ਪਿੰਡਾਂ ’ਚ ਸ਼ੁਰੂ ਹੋ ਕੇ ਜਿੱਥੇ ਪੂਰੇ ਜ਼ਿਲ੍ਹੇ ’ਚ ਫੈਲਿਆ ਉਸਦੇ ਨਾਲ-ਨਾਲ ਹੋਰਨਾਂ ਜ਼ਿਲ੍ਹਿਆਂ ’ਚ ਵੀ ਫੈਲ ਰਿਹਾ ਹੈ।