ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਅਪਰੈਲ
ਇੱਥੇ ਲੰਘੀ ਦੇਰ ਸ਼ਾਮ ਸ਼ਹਿਰ ਦੀ ਨੀਲਕੰਠ ਕਲੋਨੀ ਦੇ ਵਸਨੀਕਾਂ ਵੱਲੋਂ ਇਕ ਸ਼ਰਾਬੀ ਵਿਅਕਤੀ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਥਾਣੇ ਅੱਗੇ ਅੱਧੀ ਰਾਤ ਤੱਕ ਧਰਨਾ ਦਿੱਤਾ ਗਿਆ। ਇਸ ਮੌਕੇ ਨੀਲਕੰਠ ਕਲੋਨੀ ਦੇ ਪ੍ਰਧਾਨ ਖੁਸ਼ਵੰਤ ਸਿੰਘ, ਸਕੱਤਰ ਅਵਤਾਰ ਸਿੰਘ ਬਹਿਲਾ, ਰਾਜਵੀਰ ਸਿੰਘ, ਬਹਾਦਰ ਸਿੰਘ, ਜਸਵਿੰਦਰ ਸਿੰਘ, ਪ੍ਰਦੀਪ ਆਨੰਦ, ਯੋਗੇਸ਼ ਕੁਮਾਰ, ਦਵਿੰਦਰ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਰੋਵੀ ਸਿੰਗਲਾ ਅਤੇ ਹਰਪ੍ਰੀਤ ਸਿੰਘ ਜੌਲੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਦਾ ਵਸਨੀਕ ਇਕ ਵਿਅਕਤੀ ਨੇ ਅੱਜ ਸ਼ਰਾਬੀ ਹਾਲਤ ਵਿੱਚ ਕਲੋਨੀ ਵਾਸੀਆਂ ਨੂੰ ਗਾਲ੍ਹਾਂ ਕੱਢੀਆਂ ਅਤੇ ਹੁੱਲੜਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਲਖਵਿੰਦਰ ਸਿੰਘ ਅਕਸਰ ਅਜਿਹੀਆਂ ਹਰਕਤਾਂ ਕਰਦਾ ਰਹਿੰਦਾ ਹੈ, ਜਿਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਕੀਤੀ ਗਈ ਸੀ। ਇਸ ਮੌਕੇ ਹੁੱਲੜਬਾਜ਼ੀ ਕਰਨ ਵਾਲੇ ਵਿਅਕਤੀ ਦੀ ਪਤਨੀ ਨੇ ਵੀ ਖੁਦ ਕਿਹਾ ਕਿ ਉਸ ਦਾ ਪਤੀ ਸ਼ਰਾਬ ਪੀ ਕੇ ਅਕਸਰ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਹੈ, ਜਿਸ ਕਾਰਨ ਉਹ ਆਪਣੀ ਕੋਠੀ ਵਿੱਚ ਹੀ ਆਪਣੇ ਪਤੀ ਨਾਲੋਂ ਵੱਖ ਰਹਿੰਦੀ ਹੈ। ਅਖੀਰ ਵਿੱਚ ਅੱਧੀ ਰਾਤ ਨੂੰ ਥਾਣਾ ਮੁਖੀ ਸਬ ਇੰਸਪੈਕਟਰ ਪ੍ਰਤੀਕ ਜਿੰਦਲ ਵੱਲੋਂ ਧਰਨਾਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ,ਜਿਸ ਮਗਰੋਂ ਕਲੋਨੀ ਵਾਸੀਆਂ ਨੇ ਧਰਨਾ ਸਮਾਪਤ ਕੀਤਾ।