ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 12 ਅਗਸਤ
ਪੁਲੀਸ ਚੌਕੀ ਬਡਰੁੱਖਾਂ ਵੱਲੋਂ ਨਾਕਾਬੰਦੀ ਦੌਰਾਨ ਬਲਦਾਂ ਦੇ ਭਰੇ ਇੱਕ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਟਰੱਕ ਚਾਲਕ ਖ਼ਿਲਾਫ਼ ਗਊ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਚੌਕੀ ਬਡਰੁੱਖਾਂ ਦੇ ਥਾਣੇਦਾਰ ਬਲਵੰਤ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਉਂ ਹੀ ਗਊਆਂ ਅਤੇ ਬਲਦਾਂ ਦੇ ਭਰੇ ਟਰੱਕ ਬਾਰੇ ਗੁਪਤ ਸੂਚਨਾ ਮਿਲੀ ਤਾਂ ਉਨ੍ਹਾਂ ਦੁੱਗਾ ਟੀ-ਪੁਆਇੰਟ ’ਤੇ ਮੇਨ ਸੜਕ ਉੱਪਰ ਨਾਕਾ ਲਗਾਇਆ। ਇਸ ਨਾਕਾਬੰਦੀ ਦੌਰਾਨ ਜਿਉਂ ਹੀ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਨੇ ਟਰੱਕ ਭਜਾ ਲਿਆ ਜਿਸਦਾ ਪਿੱਛਾ ਕਰਨ ’ਤੇ ਟਰੱਕ ਸਮੇਤ ਚਾਲਕ ਨੂੰ ਕਾਬੂ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਾਮਪੁਰਾ ਗਊ ਰਕਸ਼ਕ ਦੇ ਪ੍ਰਧਾਨ ਸੰਜੀਵ ਵਰਮਾ ਵੱਲੋਂ ਦਿੱਤੇ ਬਿਆਨਾਂ ਤਹਿਤ ਟਰੱਕ ਚਾਲਕ ਪਰਵੇਜ਼ ਆਲਮ ਵਾਸੀ ਮਿਰਜ਼ਾਬਾਦ (ਬਿਹਾਰ) ਖ਼ਿਲਾਫ਼ ਗਊ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਪਰਵੇਜ਼ ਆਲਮ ਨੂੰ ਟਰੱਕ ਸਮੇਤ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਦੇ ਨਾਲ ਦੇ ਦੋ ਸਾਥੀ ਹਨੇਰਾ ਹੋਣ ਕਾਰਨ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਟਰੱਕ ਵਿੱਚ 21 ਡੰਗਰ ਮੌਜੂਦ ਸਨ। ਦੂਜੇ ਪਾਸੇ, ਪੁਲੀਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।