ਪੱਤਰ ਪ੍ਰੇਰਕ
ਭਵਾਨੀਗੜ੍ਹ, 2 ਸਤੰਬਰ
ਸ੍ਰੀ ਗੁਰੂ ਤੇਗ ਬਹਾਦਰ ਟਰੱਕ ਅਪਰੇਟਰਜ਼ ਐਸੋਸੀਏਸ਼ਨ ਭਵਾਨੀਗੜ੍ਹ ਦੇ ਨੁਮਾਇੰਦਿਆਂ ਦੀ ਪੈਪਸੀਕੋ ਇੰਡੀਆ ਲਿਮ. ਚੰਨੋਂ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਵੱਖ-ਵੱਖ ਸਟੇਸ਼ਨਾਂ ਦੇ ਭਾੜਿਆਂ ਵਿੱਚ ਵਾਧਾ ਕੀਤਾ ਗਿਆ। ਯੂਨੀਅਨ ਦੇ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਨੇ ਅੱਜ ਇੱਥੇ ਦੱਸਿਆ ਕਿ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਅਤੇ ਲੌਕਡਾਊਨ ਕਾਰਨ ਟਰੱਕ ਅਪਰੇਟਰਾਂ ਨੂੰ ਕਾਫ਼ੀ ਸਮੱਸਿਆਵਾਂ ਆ ਰਹੀਆਂ ਸਨ। ਇਸ ਸਬੰਧੀ ਪੈਪਸੀਕੋ ਦੇ ਅਧਿਕਾਰੀਆਂ ਨਾਲ ਲੰਬਾ ਸਮਾਂ ਚੱਲੀ ਮੀਟਿੰਗ ਵਿੱਚ ਜਾਣੂ ਕਰਵਾਇਆ ਗਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਲੌਕਡਾਊਨ ਕਾਰਨ ਪੈਪਸੀਕੋ ਨੂੰ ਵੱਡੀ ਸੱਟ ਵੱਜਣ ਦੇ ਬਾਵਜੂਦ ਟਰੱਕ ਅਪਰੇਟਰਜ਼ ਨੇ ਕੰਪਨੀ ਦੇ ਮਾਲ ਦੀ ਢੋਆ-ਢੁਆਈ ਜਾਰੀ ਰੱਖੀ। ਉਨ੍ਹਾਂ ਟਰੱਕ ਅਪਰੇਟਰਾਂ ਨੂੰ ਅਪੀਲ ਕੀਤੀ ਕਿ ਪੈਪਸੀਕੋ ਦਾ ਮਾਲ ਹਰ ਹਾਲ ਵਿੱਚ ਸਮੇਂ ਸਿਰ ਪਹੁੰਚਾਇਆ ਜਾਵੇ। ਇਸ ਮੌਕੇ ਕੇਵਲ ਸਿੰਘ ਬਾਸੀਅਰਖ, ਨਰਿੰਦਰ ਸਿੰਘ ਸਾਬਕਾ ਸਰਪੰਚ, ਗੋਗੀ ਨਰੈਣਗੜ੍ਹ, ਅਮਰਜੀਤ ਸਿੰਘ ਤੂਰ, ਬਾਲੂ ਤੂਰ, ਸਰਬਜੀਤ ਸਿੰਘ ਬਿੱਟੂ ਸਾਬਕਾ ਪ੍ਰਧਾਨ, ਲਾਲੀ ਫੱਗੂਵਾਲਾ, ਰਾਜਿੰਦਰ ਸਿੰਘ ਗੁੱਡੂ ਅਤੇ ਹਰਵਿੰਦਰ ਸਿੰਘ ਬੰਟੀ ਢਿਲੋਂ ਸਮੇਤ ਵੱਡੀ ਗਿਣਤੀ ਵਿਚ ਅਪਰੇਟਰ ਹਾਜ਼ਰ ਸਨ।