ਬੀਰਬਲ ਰਿਸ਼ੀ
ਸ਼ੇਰਪੁਰ, 20 ਜੁਲਾਈ
ਪਿੰਡ ਰਾਮਨਗਰ ਛੰਨਾਂ-ਮਾਹਮਦਪੁਰ ਸੱਤ ਕਰਮਾਂ ਦੇ ਕੱਚੇ ਰਸਤੇ ਦੀ ਹੋਈ ਨਿਸ਼ਾਨਦੇਹੀ ਮਗਰੋਂ ਰਸਤਾ ਨਾ ਛੱਡੇ ਜਾਣ ਵਿਰੁੱਧ ਅੱਜ ਪਿੰਡ ਦੇ ਕਿਸਾਨ ਆਗੂ ਵਿਕਰਮਜੀਤ ਸਿੰਘ ਅਤੇ ਹਰਮੀਤ ਸਿੰਘ ਸਵੇਰ ਸਮੇਂ ਪਿੰਡ ਦੀ ਵਾਟਰ ਵਰਕਸ ’ਤੇ ਚੜ੍ਹ ਗਏ। ਭਾਰਤੀ ਜਨਤਾ ਪਾਰਟੀ ਕਿਸਾਨ ਵਿੰਗ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਛੰਨਾ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਸਮਸ਼ੇਰ ਸਿੰਘ ਬੱਧਨ ਹੁਰਾਂ ਨੇ ਇਸ ਸੰਘਰਸ਼ ਨੂੰ ਸਰਗਰਮ ਹਮਾਇਤ ਦਿੰਦਿਆਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਾਟਰ ਵਰਕਸ ਦੇ ਨੇੜੇ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਘਟਨਾਕ੍ਰਮ ਦੌਰਾਨ ਉਕਤ ਕੱਚੇ ਰਸਤੇ ਵਿੱਚੋਂ ਬਿਨਾਂ ਕਿਸੇ ਮਨਜ਼ੂਰੀ ਲੱਖਾਂ ਰੁਪਏ ਦੇ ਹਰੇ-ਭਰੇ ਦਰਖ਼ਤ ਕੱਟੇ ਜਾਣ ਦਾ ਵੱਡਾ ਮਾਮਲਾ ਵੀ ਉੱਭਰਕੇ ਸਾਹਮਣੇ ਆਇਆ। ਵਾਟਰ ਵਰਕਸ ’ਤੇ ਚੜ੍ਹੇ ਕਿਸਾਨ ਆਗੂ ਵਿਕਰਮਜੀਤ ਸਿੰਘ ਅਤੇ ਹਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਤੇ ਕਲੱਬ ਨੇ ਰਾਮਨਗਰ ਛੰਨਾਂ-ਮਾਹਮਦਪੁਰ ਕੱਚਾ ਰਸਤਾ ਜੋ ਆਲੇ-ਦੁਆਲੇ ਖੇਤਾਂ ਵਿੱਚ ਰੁਕ ਜਾਣ ਸੱਤ ਕਰਮਾਂ ਦੀ ਥਾਂ ਮਹਿਜ਼ ਢਾਈ ਕਰਮਾਂ ਦੀ ਪਹੀ ਬਣ ਕੇ ਹੀ ਰਹਿ ਗਿਆ ਸੀ ਨੂੰ ਨਿਸ਼ਾਨਦੇਹੀ ਕਰਕੇ ਛੁਡਵਾਇਆ ਗਿਆ। ਆਗੂਆਂ ਅਨੁਸਾਰ ਇੱਕ ਪਰਿਵਾਰ ਜੋ ਪਹਿਲਾਂ ਦਰਖ਼ਤ ਵੀ ਵੇਚ ਚੁੱਕਿਆ ਹੈ ਇਸ ਨੂੰ ਛੱਡਣੋ ਇਨਕਾਰੀ ਹੈ ਜਿਸ ਕਰਕੇ ਇੱਥੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ ਹਜ਼ਾਰਾਂ ਬੂਟਿਆਂ ਦਾ ਕੰਮ ਅੱਧਵਾਟੇ ਹੀ ਰੁਕ ਗਿਆ ਹੈ। ਉੱਧਰ ਪਿੰਡ ਦੇ ਕਿਸਾਨ ਹਜ਼ਾਰਾ ਸਿੰਘ ਨੇ ਆਪਣਾ ਪੱਖ ਦਿੰਦਿਆਂ ਕਿਹਾ ਕਿ ਉਨ੍ਹਾਂ ਪੰਚਾਇਤ ਨੂੰ ਝੋਨਾ ਵੱਢੇ ਜਾਣ ਮਗਰੋਂ ਰਸਤਾ ਛੱਡਣ ਲਈ ਕਿਹਾ ਸੀ ਪਰ ਅੱਜ ਉਨ੍ਹਾਂ ਰਸਤਾ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੁੱਝ ਟਾਹਲੀਆਂ ਉਨ੍ਹਾਂ ਵੱਢੀਆਂ ਸਨ ਉਹ ਬਿਲਕੁਲ ਸੁੱਕੀਆਂ ਹੋਈਆਂ ਸਨ ਉਂਜ ਜਿਹੜੇ ਤਕਰੀਬਨ ਅੱਠ ਦਸ ਘਰਾਂ ਨੇ ਹੋਰ ਦਰਖ਼ਤ ਵੱਢੇ ਹਨ ਉਨ੍ਹਾਂ ਬੀਡੀਪੀਓ ਨੂੰ ਦਰਖਾਸਤ ਦੇ ਕੇ ਉਨ੍ਹਾਂ ਦੀ ਜਾਣਕਾਰੀ ਵੀ ਦੇ ਦਿੱਤੀ ਹੈ। ਬੀਡੀਪੀਓ ਜੁਗਰਾਜ ਸਿੰਘ ਗੁੰਮਟੀ ਨੇ ਕਿਹਾ ਕਿ 5 ਜੁਲਾਈ ਨੂੰ ਪੰਚਾਇਤ ਨੂੰ ਪੱਤਰ ਲਿਖਕੇ ਕੱਟੇ ਦਰਖ਼ਤਾਂ ਸਬੰਧੀ ਜਾਣਕਾਰੀ ਮੰਗੀ ਸੀ ਅਤੇ 18 ਜੁਲਾਈ ਨੂੰ ਮੁੜ ਯਾਦਪੱਤਰ ਕੱਢਿਆ ਗਿਆ ਹੈ। ਟੈਂਕੀ ’ਤੇ ਚੜ੍ਹੇ ਕਿਸਾਨ ਦੇਰ ਸ਼ਾਮ ਐਸਐਚਓ ਸ਼ੇਰਪੁਰ ਵੱਲੋਂ ਰਾਹ ਪੱਧਰਾ ਕਰਨਾ ਕੰਮ ਸ਼ੁਰੁ ਕਰਵਾਉਣ ਬਾਅਦ ਟੈਂਕੀ ਤੋਂ ਹੇਠਾਂ ਉਤਰ ਆਏ।