ਪੱਤਰ ਪ੍ਰੇਰਕ
ਮੂਨਕ, 31 ਮਾਰਚ
ਨਜ਼ਦੀਕੀ ਪਿੰਡ ਦੇਹਲਾ ਵਿਖੇ ਭੱਠੇ ’ਤੇ ਮਜ਼ਦੂਰੀ ਕਰਦੇ ਨੌਜਵਾਨ ਦਾ ਉਸ ਦੇ ਮਾਮੇ ਦੇ ਲੜਕਿਆਂ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਨੂੰ ਸੌਂਪ ਦਿੱਤੀ। ਮ੍ਰਿਤਕ ਰਵਿੰਦਰ ਕੁਮਾਰ (30) ਦੇ ਪਿਤਾ ਮੂਵਾਸੀ ਵਾਸੀ ਪਿੰਡ ਲੋਈ ਜ਼ਿਲ੍ਹਾ ਮੁਜਫ਼ਰ ਨਗਰ (ਯੂਪੀ) ਨੇ ਦੱਸਿਆ ਕਿ ਉਹ ਪਿੰਡ ਦੇਹਲਾ ਵਿਖੇ ਕਰੀਬ 6 ਮਹੀਨਿਆਂ ਤੋਂ ਆਪਣੇ ਪਰਿਵਾਰ ਸਮੇਤ ਦੇਹਲਾ ਬ੍ਰਿਕਸ ਇੱਟ ਭੱਠੇ ’ਤੇ ਮਜ਼ਦੂਰੀ ਦਾ ਕੰਮ ਕਰ ਰਿਹਾ ਹੈ। ਬੀਤੇ ਕੱਲ੍ਹ ਭੱਠੇ ਦੇ ਸਾਰੇ ਮਜ਼ਦੂਰਾਂ ਨੇ ਦਿਨੇ ਖੁਸ਼ੀ ਖੁਸ਼ੀ ਹੋਲੀ ਦਾ ਤਿਉਹਾਰ ਮਨਾਇਆ ਅਤੇ ਰਾਤ ਨੂੰ ਰਵਿੰਦਰ ਕੁਮਾਰ ਦੇ ਮਾਮੇ ਦੇ ਲੜਕੇ ਅਜੈ ਕੁਮਾਰ ਤੇ ਪ੍ਰਦੀਪ ਕੁਮਾਰ ਦੀ ਉਸ ਦੇ ਪੁੱਤਰ ਰਵਿੰਦਰ ਕੁਮਾਰ ਨਾਲ ਕਿਸੇ ਗੱਲ ਤੋਂ ਤਕਰਾਰ ਹੋ ਗਈ। ਗੁੱਸੇ ’ਚ ਆਏ ਪ੍ਰਦੀਪ ਕੁਮਾਰ ਨੇ ਰਵਿੰਦਰ ਕੁਮਾਰ ਨੂੰ ਬਾਹਾਂ ਤੋਂ ਫੜ ਲਿਆ ਅਤੇ ਅਜੈ ਕੁਮਾਰ ਨੇ ਰਵਿੰਦਰ ਕੁਮਾਰ ਦੇ ਛਾਤੀ ਤੇ ਗਰਦਨ ਵਿੱਚ ਚਾਕੂ ਮਾਰੇ ਉਸ ਸਮੇਂ ਇਹ ਦੋਵੇ ਨਸ਼ੇ ਦੀ ਹਾਲਤ ਵਿੱਚ ਸਨ। ਜ਼ਖਮੀ ਨੂੰ ਸਰਕਾਰੀ ਹਸਪਤਾਲ ਮੂਨਕ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਰਵਿੰਦਰ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਰੈਫਰ ਕਰ ਦਿੱਤਾ ਜੋ ਰਸਤੇ ’ਚ ਹੀ ਦਮ ਤੋੜ ਗਿਆ। ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਬਲਬੀਰ ਸਿੰਘ ਰੋਗਲਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।