ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜੁਲਾਈ
ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਇੱਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪਿਛਲੇ ਕਰੀਬ ਸਾਢੇ ਛੇ ਮਹੀਨਿਆਂ ਤੋਂ ਪੱਕੇ ਮੋਰਚੇ ’ਤੇ ਡਟੇ ਬੇਰੁਜ਼ਗਾਰਾਂ ਵੱਲੋਂ ਅੱਜ ਕਾਂਗਰਸ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭਲਕੇ 12 ਜੁਲਾਈ ਨੂੰ ਪ੍ਰਮੁੱਖ ਸਕੱਤਰ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ ਕੀਤੀ ਜਾਂ ਬੇਸਿੱਟਾ ਰਹੀ ਤਾਂ ਮੁੜ 15 ਜੁਲਾਈ ਨੂੰ ਪਟਿਆਲਾ ’ਚ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।
ਅੱਜ ਪੱਕੇ ਮੋਰਚੇ ਵਾਲੇ ਸਥਾਨ ’ਤੇ ਇਕੱਠੇ ਹੋਏ ਬੇਰੁਜ਼ਗਾਰਾਂ ਵੱਲੋਂ ਕਾਂਗਰਸ ਸਰਕਾਰ ਵੱਲੋਂ ਚੋਣਾਂ ਮੌਕੇ ਲਗਾਏ ਲਾਰਿਆਂ ਦੀ ਪੰਡ ਚੁੱਕ ਕੇ ਸਿੱਖਿਆ ਮੰਤਰੀ ਦੀ ਕੋਠੀ ਤੋਂ ਪਟਿਆਲਾ-ਧੂਰੀ ਬਾਈਪਾਸ ਸੜਕ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਆਵਾਜਾਈ ਠੱਪ ਕਰਕੇ ਲਾਰਿਆਂ ਦੀ ਪੰਡ ਫ਼ੂਕਦਿਆਂ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ। ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾਈ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਝੁਨੀਰ, ਜਗਸੀਰ ਸਿੰਘ ਘੁਮਾਣ, ਰਵਿੰਦਰ ਸਿੰਘ ਮੂਲੇਵਾਲਾ ਅਤੇ ਹਰਵਿੰਦਰ ਸਿੰਘ ਥੂਹੀ ਨੇ ਕਿਹਾ ਕਿ ਪੰਜ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਬੇਰੁਜ਼ਗਾਰ 31 ਦਸੰਬਰ 2020 ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਸਰਦੀ ਦਾ ਮੌਸਮ ਤੰਬੂ ਹੇਠਾਂ ਬੈਠ ਕੇ ਬਿਤਾਇਆ ਹੈ ਜਦੋਂ ਕਿ ਹੁਣ ਗਰਮੀ ਦੀ ਤਪਸ਼ ਦੌਰਾਨ ਵੀ ਬੇਰੁਜ਼ਗਾਰ ਪੱਕੇ ਮੋਰਚੇ ’ਤੇ ਡਟੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਚੋਣਾਂ ਮੌਕੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਨੌਕਰੀ ਤਾਂ ਦੂਰ ਸਗੋਂ ਸੜਕਾਂ ’ਤੇ ਰੁਲ ਰਹੇ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ ਜਾ ਰਹੀ ਅਤੇ ਹੱਕ ਮੰਗਣ ’ਤੇ ਪੁਲੀਸ ਦੀਆਂ ਡਾਂਗਾਂ ਨਾਲ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਬੇਰੁਜ਼ਗਾਰ ਸਾਂਝੇ ਮੋਰਚੇ ’ਚ ਸ਼ਾਮਲ ਯੂਨੀਅਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਰੁਜ਼ਗਾਰ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਲਕੇ 12 ਜੁਲਾਈ ਨੂੰ ਪ੍ਰਮੁੱਖ ਸਕੱਤਰ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ ਕੀਤੀ ਗਈ ਜਾਂ ਬੇਸਿੱਟਾ ਰਾਹੀ ਤਾਂ ਮੁੜ ਪਟਿਆਲਾ ’ਚ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਮੋਰਚੇ ਦੇ ਆਗੂ ਅਮਨਦੀਪ ਕੌਰ, ਸਤਵੀਰ ਕੌਰ, ਲਖਵਿੰਦਰ ਕੌਰ, ਰਾਜਵੀਰ ਕੌਰ, ਅਲਕਾ ਰਾਣੀ, ਮਨਪ੍ਰੀਤ ਕੌਰ, ਪ੍ਰੀਤਇੰਦਰ ਕੌਰ, ਗਗਨਦੀਪ ਕੌਰ, ਸੰਦੀਪ ਗਿੱਲ, ਸ਼ਸ਼ਪਾਲ ਸਿੰਘ, ਸੁਖਵੀਰ ਦੁਗਾਲ, ਸੰਦੀਪ ਨਾਭਾ, ਹਰਬੰਸ ਸਿੰਘ ਦਾਨਗੜ੍ਹ, ਗੁਰਪ੍ਰੀਤ ਸਿੰਘ ਲਾਲਿਆਂਵਾਲੀ, ਹਰਦੇਵ ਸਿੰਘ, ਹਰਦੀਪ ਸਿੰਘ ਢੰਡੋਲੀ ਅਤੇ ਕੁਲਦੀਪ ਸਿੰਘ ਖਡਿਆਲ ਆਦਿ ਮੌਜੂਦ ਸਨ।