ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਫਰਵਰੀ
ਬੇਰੁਜ਼ਗਾਰ ਸਾਂਝਾ ਮੋਰਚਾ ਦੀ ਅਗਵਾਈ ਹੇਠ ਪੰਜ ਬੇਰੁਜ਼ਗਾਰ ਜਥੇਬੰਦੀਆਂ ਵਲੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਜਿਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਗਾਇਆ ਪੱਕਾ ਮੋਰਚਾ 33ਵੇਂ ਦਿਨ ਵੀ ਜਾ ਰਿਹਾ ਉਥੇ ਬੇਰੁਜ਼ਗਾਰਾਂ ਵਲੋਂ ਸਰਕਾਰ ਖ਼ਿਲਾਫ਼ ਸ਼ੁਰੂ ਕੀਤੀ ਪ੍ਰਚਾਰ ਮੁਹਿੰਮ ਤਹਿਤ ਪਿੰਡ ਨਾਨਕਪੁਰਾ ਵਿੱਚ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਦੇ ਲਾਰਿਆਂ ਦੀ ਪੰਡ ਫ਼ੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਪਿੰਡ ਦੀਆਂ ਗਲੀਆਂ ’ਚ ਸਰਕਾਰ ਵਿਰੋਧੀ ਨਾਅਰੇ ਲਿਖੇ ਗਏ।
ਭਾਵੇਂ ਲੰਘੇ ਦਿਨ ਬੇਰੁਜ਼ਗਾਰਾਂ ਦੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਿੱਖਿਆ ਮੰਤਰੀ ਨਾਲ ਬੇਰੁਜ਼ਗਾਰ ਸਾਂਝਾ ਮੋਰਚਾ ਦੀ 24 ਫਰਵਰੀ ਦੀ ਪੈਨਲ ਮੀਟਿੰਗ ਨਿਸ਼ਚਿਤ ਕਰਵਾ ਦਿੱਤੀ ਸੀ ਪਰ ਬੇਰੁਜ਼ਗਾਰਾਂ ਵੱਲੋਂ ਮੰਗਾਂ ਦੀ ਪ੍ਰਾਪਤੀ ਤੱਕ ਪੱਕਾ ਮੋਰਚਾ ਤੇ ਸਰਕਾਰ ਵਿਰੁੱਧ ਮੁਹਿਮ ਜਾਰੀ ਰੱਖਣ ਦਾ ਫੈਸਲਾ ਲਿਆ ਸੀ। ਅੱਜ ਬੇਰੁਜ਼ਗਾਰ ਅੱਜ ਮੋਰਚੇ ’ਤੇ ਡਟੇ ਰਹੇ ਤੇ ਪਿੰਡ ਨਾਨਕਪੁਰਾ ’ਚ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕੀ ਗਈ। ਇਸ ਮੌਕੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਸੁਖਦੇਵ ਸਿੰਘ ਜਲਾਲਾਬਾਦ, ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਝੁਨੀਰ, ਕ੍ਰਿਸ਼ਨ ਸਿੰਘ ਨਾਭਾ ਤੇ ਜਗਸੀਰ ਸਿੰਘ ਘੁਮਾਣ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਕਿਸਾਨ ਤੇ ਬੇਰੁਜ਼ਗਾਰ ਵਿਰੋਧੀ ਆਖਦਿਆਂ ਜ਼ੋਰਦਾਰ ਨਿਖੇਧੀ ਕੀਤੀ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਤੇ ਕਾਂਗਰਸ ਦੀ ਸੂਬਾ ਸਰਕਾਰ ਨੇ ਘਰ ਘਰ ਰੁਜ਼ਗਾਰ ਦੇ ਲਾਰੇ ਲਾ ਕੇ ਵੋਟਰਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨੀ ਤਰਜ਼ ’ਤੇ ਉੱਸਰੇ ਬੇਰੁਜ਼ਗਾਰ ਮੋਰਚੇ ਦੀ ਜਿੱਤ ਯਕੀਨੀ ਹੋਵੇਗੀ।
ਇਸ ਮੌਕੇ ਪਿੰਡ ਵਾਸੀਆਂ ਦੇ ਇਕੱਠ ਵਿੱਚ ਮੋਦੀ ਸਰਕਾਰ, ਕੈਪਟਨ ਸਰਕਾਰ, ਸਿੱਖਿਆ ਮੰਤਰੀ ਤੇ ਸਿਹਤ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਨ ਮਗਰੋਂ ਘਰ-ਘਰ ਰੁਜ਼ਗਾਰ ਦੇ ਲਾਰਿਆਂ ਦੀ ਪੰਡ ਫ਼ੂਕੀ ਗਈ। ਇਸ ਮੌਕੇ ਸਵਰਨ ਸਿੰਘ, ਅਸ਼ੋਕ ਕੁਮਾਰ ਫਾਜ਼ਿਲਕਾ, ਤਰਲੋਚਨ ਸਿੰਘ ਨਾਗਰਾ, ਅੰਗਰੇਜ਼ ਸਿੰਘ ,ਹਰਬਿੰਦਰ ਸਿੰਘ ,ਬਲਬੀਰ ਸਿੰਘ, ਹਰਪ੍ਰੀਤ ਸਿੰਘ ,ਰਵਿੰਦਰ ਸਿੰਘ, ਸ਼ਸ਼ਪਾਲ ਸਿੰਘ ,ਰਜਿੰਦਰ ਸਿੰਘ, ਪ੍ਰਵੀਨ ਕੁਮਾਰ ਤੋ ਇਲਾਵਾ ਸਾਬਕਾ ਸਰਪੰਚ ਜਸਨਜੀਤ ਸਿੰਘ, ਮਨਜੀਤ ਸਿੰਘ, ਲਾਲ ਸਿੰਘ , ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।