ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਨਵੰਬਰ
ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀ.ਪੀ.ਈ. (873) ਅਤੇ ਆਰਟ ਐਂਡ ਕਰਾਫ਼ਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਬੇਰੁਜ਼ਗਾਰ ਅਧਿਆਪਕ ਸਾਂਝੇ ਮੋਰਚੇ ਦਾ ਗਠਨ ਕਰ ਕੇ 1 ਦਸੰਬਰ ਨੂੰ ਪਟਿਆਲਾ ਵਿੱਚ ਮੁੱਖ ਮੰਤਰੀ ਦੇ ਨਿਊ ਮੋਤੀ ਬਾਗ ਪੈਲੇਸ ਨੂੰ ਘੇਰਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਤਿਆਰੀਆਂ ਸਬੰਧੀ ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਦੀ ਮੀਟਿੰਗ ਸਥਾਨਕ ਸਿਟੀ ਪਾਰਕ ਵਿੱਚ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਰਣਵੀਰ ਨਦਾਮਪੁਰ ਅਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਲੌਂਗੋਵਾਲ ਅਤੇ ਪ੍ਰਿਤਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨਿਗੂਣੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰ ਕੇ ਅਤੇ ਨਵੀਆਂ ਸ਼ਰਤਾਂ ਲਾਗੂ ਕਰ ਕੇ ਬੇਰੁਜ਼ਗਾਰਾਂ ਅਧਿਆਪਕਾਂ ਨਾਲ ਮਜ਼ਾਕ ਕਰ ਰਹੀ ਹੈ। ਬੇਰੁਜ਼ਗਾਰ ਅਧਿਆਪਕਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਿੱਖਿਆ ਪ੍ਰੋਵਾਈਡਰਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰੇ ਅਤੇ ਨਵੀਆਂ ਅਸਾਮੀਆਂ ’ਚ ਉਨ੍ਹਾਂ ਨੂੰ ਵਿਸ਼ੇਸ਼ ਛੋਟ ਦੇ ਕੇ ਉੱਚ- ਯੋਗਤਾਵਾਂ ਵਾਲੇ ਉਮੀਦਵਾਰਾਂ ਨੂੰ ਅੱਖੋਂ – ਪਰੋਖੇ ਨਾ ਕਰੇ। ਨਵੀਂ ਅਧਿਆਪਕ ਭਰਤੀ ’ਚ ਉਮਰ ਹੱਦ 37 ਤੋਂ ਵਧਾ ਕੇ 42 ਸਾਲ ਕਰਦਿਆਂ ਮਾਸਟਰ ਕਾਡਰ ਦੀਆਂ ਸਮਾਜਿਕ ਸਿੱਖਿਆ, ਪੰਜਾਬੀ, ਹਿੰਦੀ ਦੀਆਂ ਅਸਾਮੀਆਂ ’ਚ ਵਾਧਾ ਕੀਤਾ ਜਾਵੇ ਅਤੇ ਬਾਕੀ ਰਹਿੰਦੇ ਵਿਸ਼ਿਆਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
ਇਸ ਮੌਕੇ ਮੱਖਣ, ਪ੍ਰੀਤ ਸ਼ੇਰੋਂ, ਮਨਦੀਪ ਸੰਗਰੂਰ, ਹੇਮਰਾਜ, ਰਮਨਦੀਪ ਕੌਰ, ਹਰਦਮ, ਅਜੀਤਪਾਲ, ਨਿੱਕਾ ਸਿੰਘ, ਹਰਦੀਪ ਲੌਂਗੋਵਾਲ, ਕੁਲਵਿੰਦਰ ਨਦਾਮਪੁਰ ਪੰਜਾਬ ਸਟੂਡੈਂਟਸ ਐਸੋਸੀਏਸ਼ਨ ਅਤੇ ਡੀ.ਟੀ.ਐੱਫ ਵੱਲੋਂ ਬਲਵੀਰ ਚੰਦ ਲੌਂਗੋਵਾਲ ਤੇ ਹਰਭਗਵਾਨ ਸਿੰਘ ਸ਼ਾਮਿਲ ਹੋਏ।