ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਜਨਵਰੀ
ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਅਯੁੱਧਿਆ ’ਚ ਸ੍ਰੀ ਰਾਮ ਮੰਦਰ ਦੇ ਉਦਘਾਟਨ ਮੌਕੇ ਦੇਸ਼ ਦੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੂੰ ਨਾ ਬੁਲਾਉਣ ’ਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ।
ਸ੍ਰੀ ਵੀਰ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੁਆਰਾ ਲਿਖੇ ਭਾਰਤੀ ਸੰਵਿਧਾਨ ਤਹਿਤ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਮਿਲਣ ਤੋਂ ਬਾਅਦ ਵੀ ਅੱਜ ਤੱਕ ਭਾਰਤ ਦੇ ਅਸਲੀ ਵਾਸ਼ਿੰਦਿਆਂ ਨਾਲ ਜਾਤੀ ਵਿਤਕਰਾ ਜਾਰੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੰਘ ਦੀ ਮੋਦੀ ਸਰਕਾਰ ਵੱਲੋਂ ਪਹਿਲਾਂ ਪਾਰਲੀਮੈਂਟ ਦੇ ਉਦਘਾਟਨ ਅਤੇ ਹੁਣ ਰਾਮ ਮੰਦਰ ਦੇ ਉਦਘਾਟਨ ਸਮੇਂ ਨਹੀਂ ਬੁਲਾਇਆ ਗਿਆ। ਉਨਾਂ ਕਿਹਾ ਕਿ ਸੰਵਿਧਾਨ ਤਹਿਤ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਮਿਲੇ ਹਨ ਪਰ ਫਿਰ ਵੀ ਫਿਰਕੂ ਤਾਕਤਾਂ ਵੱਲੋਂ ਜਾਤੀ ਵਿਤਕਰਾ ਬੰਦ ਨਾ ਕਰਨਾ ਬਹੁਤ ਹੀ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਬਸਪਾ ਦੀ ਸਰਕਾਰ ਬਣਨ ਤੇ ਸਮਤਾ ਸਮਾਨਤਾ ਭਾਈਚਾਰਾ ਅਤੇ ਸਰਬੱਤ ਦਾ ਰਾਜ ਹੋਵੇਗਾ। ਇਸ ਸਮੇਂ ਸੂਬੇਦਾਰ ਰਣਧੀਰ ਸਿੰਘ ਨਾਗਰਾ, ਨਿਰਮਲ ਸਿੰਘ ਮੱਟੂ, ਗੁਰਦੇਵ ਸਿੰਘ ਘਾਬਦਾਂ, ਜਥੇਦਾਰ ਦਰਸ਼ਨ ਸਿੰਘ, ਮਿੱਠਾ ਸਿੰਘ ਮੰਗਵਾਲ, ਭੋਲਾ ਸਿੰਘ, ਸਤਿਗੁਰ ਸਿੰਘ ਮੱਟੂ, ਰਾਮਪਾਲ ਸਿੰਘ, ਸੁਖਦੇਵ ਸਿੰਘ ਰੰਗਰੇਟਾ, ਰਣਧੀਰ ਸਿੰਘ, ਕਰਨੈਲ ਸਿੰਘ, ਅਵਤਾਰ ਸਿੰਘ ਆਦਿ ਮੌਜੂਦ ਸਨ।