ਬੀਰਬਲ ਰਿਸ਼ੀ
ਸ਼ੇਰਪੁਰ, 10 ਨਵੰਬਰ
ਇਥੇ ਪਿੰਡ ਬੜੀ ’ਚ ਸਾਬਕਾ ਸਰਪੰਚ ਨੇ ਪਿੰਡ ਦੇ ਚੋਣਵੇਂ ਆਗੂਆਂ ਦੀ ਇਕੱਤਰਤਾ ਦੌਰਾਨ ਨਵ-ਨਿਯੁਕਤ ਸਰਪੰਚ ਨੂੰ ਪਿਛਲੇ 10 ਸਾਲਾਂ ਤੋਂ ਪਿੰਡ ਦੇ ਕੰਮਾਂ ਲਈ ਵਰਤੀ ਜਾਂਦੀ ਮੋਹਰ ਸੌਂਪ ਕੇ ਵਿਲੱਖਣ ਤੇ ਹਾਂ-ਪੱਖੀ ਰਵਾਇਤ ਨੂੰ ਬਰਕਰਾਰ ਰਖਦਿਆਂ ਧੜੇਬੰਦੀਆਂ ਖ਼ਤਮ ਕਰਨ ਦਾ ਸੁਨੇਹਾ ਦਿੱਤਾ ਹੈ। ਜਾਣਕਾਰੀ ਅਨੁਸਾਰ ਮਰਹੂਮ ਟਰੇਡ ਯੂਨੀਅਨ ਆਗੂ ਕਾਮਰੇਡ ਸੁਖਦੇਵ ਬੜੀ ਦਾ ਸਪੁੱਤਰ ਜਸਮੇਲ ਬੜੀ ਸੰਨ 2013 ਵਿੱਚ ਪਿੰਡ ਦਾ ਸਰਪੰਚ ਚੁਣਿਆ ਬਣਿਆ ਅਤੇ ਜਦੋਂ ਉਸਦੀ ਸਰਪੰਚੀ ਦਾ ਕਾਰਜਕਾਲ ਪੂਰਾ ਹੋਇਆ ਤਾਂ ਉਸਨੇ ਆਪਣੇ ਤੋਂ ਬਾਅਦ ਰਾਖਵੇਂ ਕੋਟੇ ’ਚ ਸਰਪੰਚ ਬਣੇ ਗੁਰਜੀਤ ਸਿੰਘ ਬੜੀ ਨੂੰ ਆਪਣੀ ਪੁਰਾਣੀ ਮੋਹਰ ਸੌਂਪ ਕੇ ਇੱਕ ਚੰਗੀ ਰਵਾਇਤ ਦਾ ਮੁੱਢ ਬੰਨ੍ਹਿਆ। ਉਸ ਮਗਰੋਂ ਅਗਲੇ ਪੰਜ ਸਾਲ ਤੱਕ ਸਰਪੰਚੀ ਕਰਨ ਵਾਲੇ ਗੁਰਜੀਤ ਸਿੰਘ ਨੇ ਹੁਣ ਪਿੰਡ ਬੜੀ ਦੇ ਨਵੇਂ ਬਣੇ ਸਰਪੰਚ ਮਨਵੀਰ ਸਿੰਘ ਨੂੰ ਉਹੀ ਮੋਹਰ ਸੌਂਪ ਕੇ ਆਪਣੇ ਤੋਂ ਪਹਿਲਾਂ ਵਾਲੇ ਸਰਪੰਚ ਦੀ ਪੁਰਾਣੀ ਰਵਾਇਤ ਨੂੰ ਬਰਕਰਾਰ ਰੱਖਿਆ। ਸਾਬਕਾ ਸਰਪੰਚ ਜਸਮੇਲ ਸਿੰਘ ਬੜੀ ਨੇ ਦੱਸਿਆ ਕਿ ਉਨ੍ਹਾਂ ਉਸ ਮੋਹਰ ਨਾਲ ਪਿੰਡ ਦੇ ਵਿਕਾਸ ਕਾਰਜਾਂ ’ਤੇ 80 ਲੱਖ ਤੋਂ ਵੱਧ ਰਾਸ਼ੀ ਖਰਚੀ ਹੈ ਜਦੋਂ ਕਿ ਗੁਰਜੀਤ ਸਿੰਘ ਨੇ ਇਸੇ ਮੋਹਰ ਨਾਲ ਇਸ ਤੋਂ ਵੀ ਵੱਧ ਰਾਸ਼ੀ ਪਿੰਡ ਦੇ ਵਿਕਾਸ ’ਤੇ ਖਰਚ ਕੀਤਾ। ਮੌਜੂਦਾ ਸਰਪੰਚ ਮਨਵੀਰ ਸਿੰਘ ਬੜੀ ਨੇ ਕਿਹਾ ਕਿ ਉਹ ਧੜੇਬੰਦੀਆਂ ਨੂੰ ਖ਼ਤਮ ਕਰਕੇ ਆਪਸੀ ਪ੍ਰੇਮ ਪਿਆਰ ਦਾ ਸੁਨੇਹਾ ਦੇਣ ਵਾਲੀ ਹੋਰਨਾ ਲਈ ਰਾਹ ਦਰਸਾਉ ਤੇ ਪ੍ਰੇਰਣਾਸਰੋਤ ਇਸ ‘ਮੋਹਰ ਰਵਾਇਤ’ ਨੂੰ ਜਾਰੀ ਰੱਖਣਗੇ।