ਪਵਨ ਕੁਮਾਰ ਵਰਮਾ
ਧੂਰੀ, 1 ਜੂਨ
ਯੂ.ਪੀ.ਐਸ.ਸੀ. ਦੀ ਹੋਈ ਪ੍ਰੀਖਿਆ ਵਿੱਚ ਧੂਰੀ ਦੇ ਰਜਤ ਨੇ 539ਵਾਂ ਰੈਂਕ ਹਾਸਲ ਕਰਕੇ ਜਿੱਥੇ ਆਪਣੇ ਮਾਂ-ਬਾਪ ਦਾ ਨਾਂ ਰੋਸ਼ਨ ਕੀਤਾ ਹੈ, ਉੱਥੇ ਹੀ ਸ਼ਹਿਰ ਅੰਦਰ ਰਜਤ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਤੇ ਰਜਤ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਅੱਜ ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਰਜਤ ਨੇ ਕਿਹਾ ਕਿ ਉਸ ਦਾ ਸ਼ੁਰੂ ਤੋਂ ਹੀ ਸੁਪਨਾ ਡੀ.ਸੀ. ਬਨਣ ਦਾ ਸੀ, ਉਸੇ ਤਹਿਤ ਉਸ ਨੇ ਆਪਣਾ ਟੀਚਾ ਹਾਸਲ ਕਰਨ ਲਈ ਲਗਾਤਾਰ ਮਿਹਨਤ ਕੀਤੀ ਅਤੇ ਅੱਜ ਉਹ ਆਪਣੀ ਮਿਹਨਤ ਵਿੱਚ ਸਫਲ ਹੋਏ ਹਨ। ਇਸ ਮੌਕੇ ਰਜਤ ਦੇ ਮਾਤਾ-ਪਿਤਾ ਅਤੇ ਤਾਇਆ ਨੇ ਦੱਸਿਆ ਕਿ ਇਸ ਨੇ ਬਾਰ੍ਹਵੀਂ ਦੀ ਪੜ੍ਹਾਈ ਗੁਰੂ ਤੇਗ ਬਹਾਦਰ ਸਕੂਲ ਧੂਰੀ ਵਿੱਚੋਂ ਅਤੇ ਉਸ ਉਪਰੰਤ ਗਰੈਜੂਏਸ਼ਨ ਦੀ ਪੜ੍ਹਾਈ ਦਿੱਲੀ ਵਿਖੇ ਕੀਤੀ। ਗਰੈਜੁੂਏਸ਼ਨ ਕਰਨ ਤੋਂ ਬਾਅਦ ਇੱਕ ਸਾਲ ਬਿਨਾਂ ਕਿਸੇ ਕੋਚਿੰਗ ਤੋਂ 15-15 ਘੰਟੇ ਪੜ੍ਹਾਈ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਮੌਕੇ ਵੱਖ-ਵੱਖ ਸਮਾਜਸੇਵੀ ਆਗੂਆਂ ਨੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈਆਂ ਦਿੱਤੀਆਂ। ਇਸ ਮੌਕੇ ਧੂਰੀ ਵਪਾਰ ਮੰਡਲ ਧੂਰੀ ਦੇ ਸਰਪ੍ਰਸਤ ਸੋਮ ਪ੍ਰਕਾਸ਼ ਪੰਮੀ, ਕਾਂਗਰਸੀ ਆਗੂ ਮਨੀਸ਼ ਕੁਮਾਰ ਰਿੰਕੂ, ਅਮਿਤ ਕੁਮਾਰ, ਸੰਜੇ ਕੁਮਾਰ ਅਤੇ ਜੱਸੀ ਮੁਲਤਾਨੀ ਆਦਿ ਹਾਜ਼ਰ ਸਨ।