ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 26 ਅਗਸਤ
ਇੱਥੇ ਬੀਤੀ ਰਾਤ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹਰਾਹ ’ਤੇ ਸਥਿਤ ਪਿੰਡ ਨਦਾਮਪੁਰ ਵਿੱਚ ਕੋਈ ਅਣਪਛਾਤਾ ਵਿਅਕਤੀ ਵਰਤੀਆਂ ਗਈਆਂ ਕੋਰੋਨਾਂ ਦੀਆਂ ਪੀਪੀਈ ਕਿੱਟਾਂ ਢੇਰ ਲਗਾ ਕੇ ਫ਼ਰਾਰ ਹੋ ਗਿਆ। ਦੱਸਣਯੋਗ ਹੈ ਕਿ ਪਿੰਡ ਨਦਾਮਪੁਰ ਕੌਮੀ ਸ਼ਾਹਰਾਹ ’ਤੇ ਸਥਿਤ ਹੈ ਅਤੇ ਇੱਥੋਂ ਦੀ ਲੰਘਦੀ ਨਹਿਰ ’ਤੇ ਪਾਵਰਕੌਮ ਦਾ ਪਾਵਰ ਹਾਊਸ, ਵਣ ਵਿਭਾਗ ਦਾ ਦਫ਼ਤਰ, ਸਰਕਾਰੀ ਰੈਸਟ ਹਾਊਸ ਤੇ ਚਾਂਦਨੀ ਰੈਸਟੋਰੈਂਟ ਵੀ ਹੈ। ਇੱਥੇ ਆਮ ਤੌਰ ’ਤੇ ਲੋਕਾਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ। ਨਹਿਰ ਦੇ ਬੀੜ ਵਿੱਚ ਕਈ ਤਰ੍ਹਾਂ ਦੇ ਜਾਨਵਰ ਵੀ ਰਹਿੰਦੇ ਹਨ। ਲੋਕਾਂ ਵਿੱਚ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਸੁੱਟੀਆਂ ਹੋਈਆਂ ਕਿੱਟਾਂ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਘਟਨਾ ਵਾਲੀ ਥਾਂ ’ਤੇ ਪੁਲੀਸ, ਸਿਵਲ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਵੀ ਪਹੁੰਚ ਗਏ ਜਿਨ੍ਹਾਂ ਨੇ ਇਹ ਵਰਤੋਂ ਵਿੱਚ ਲਿਆਂਦੀਆਂ ਗਈਆਂ ਕਿੱਟਾਂ ਨੂੰ ਗੱਡੀਆਂ ਦਾ ਪ੍ਰਬੰਧ ਕਰ ਕੇ ਇੱਥੋਂ ਚੁਕਵਾ ਦਿੱਤਾ। ਪਿੰਡ ਨਦਾਮਪੁਰ ਦੇ ਰਾਧੇ ਸ਼ਿਆਮ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਭੜੋ ਨੇ ਕਿਹਾ ਕਿ ਇਹ ਇਕ ਬਹੁਤ ਵੱਡੀ ਲਾਪ੍ਰਵਾਹੀ ਹੈ। ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮੌਕੇ ਐੱਸਐੱਮਓ ਭਵਾਨੀਗੜ੍ਹ ਡਾ. ਪਰਵੀਨ ਕੁਮਾਰ ਗਰਗ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਜੇਈ ਸਿਮਰਪ੍ਰੀਤ ਸਿੰਘ ਨੇ ਦੱਸਿਆ ਕਿ ਹਸਪਤਾਲਾਂ ਵਿੱਚੋਂ ਜੋ ਕੰਪਨੀ ਇਹ ਕਿੱਟਾਂ ਚੁੱਕਦੀ ਹੈ ਉਸ ਨੂੰ ਹਸਪਤਾਲ ਵੱਲੋਂ ਇਨ੍ਹਾਂ ਕਿੱਟਾਂ ਨੂੰ ਨਸ਼ਟ ਕਰਨ ਲਈ ਥੋੜਾ ਖਰਚਾ ਦੇਣਾ ਪੈਂਦਾ ਹੈ। ਜੋ ਵਿਅਕਤੀ ਇਸ ਕੰਮ ਲਈ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਭਵਾਨੀਗੜ੍ਹ ਦੇ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਐੱਸਐੱਮਓ ਵੱਲੋਂ ਚਿੱਠੀ ਜਾਰੀ ਕਰਨ ’ਤੇ ਕੇਸ ਦਰਜ ਕੀਤਾ ਜਾਵੇਗਾ।
ਡੀਸੀ ਦੀਆਂ ਹਦਾਇਤਾਂ ’ਤੇ ਕੇਸ ਦਰਜ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪਿੰਡ ਨਦਾਮਪੁਰ ਵਿੱਚ ਸੜਕ ਕੰਢੇ ਕੋਵਿਡ-19 ਦੌਰਾਨ ਵਰਤੀਆਂ ਗਈਆਂ ਵੱਡੀ ਗਿਣਤੀ ਪੀਪੀਈ ਕਿੱਟਾਂ ਸੁੱਟੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਵਧਾਨੀ ਨਾਲ ਇਸ ਨੂੰ ਬਾਇਓ ਮੈਡੀਕਲ ਵੇਸਟ ਵੈਨ ਰਾਹੀਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਟਿਕਾਣੇ ਲਗਾ ਦਿੱਤਾ ਗਿਆ ਹੈ ਅਤੇ ਪੀਪੀਈ ਕਿੱਟਾਂ ਸੁੱਟਣ ਵਾਲੇ ਅਣਪਛਾਤੇ ਸ਼ਰਾਰਤੀ ਅਨਸਰਾਂ ਵਿਰੁੱਧ ਐਫਆਈਆਰ ਵੀ ਦਰਜ ਕਰਵਾ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਪੀਪੀਈ ਕਿੱਟਾਂ ਮਿਲਣ ਦੀ ਸੂਚਨਾ ਮਿਲਦੇ ਹੀ ਐੱਸਡੀਐਮ ਭਵਾਨੀਗੜ੍ਹ ਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਭੇਜ ਦਿੱਤਾ ਗਿਆ ਸੀ ਤਾਂ ਜੋ ਵਾਇਰਸ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਇਹ ਪੀਪੀਈ ਕਿੱਟਾਂ ਕਿਸੇ ਬਾਹਰਲੇ ਜ਼ਿਲ੍ਹੇ ’ਚੋਂ ਮੈਡੀਕਲ ਵੇਸਟ ਇਕੱਠਾ ਕਰਨ ਵਾਲੀ ਗੱਡੀ ਦੇ ਕਰਿੰਦਿਆਂ ਵੱਲੋਂ ਜਾਣ-ਬੁੱਝ ਕੇ ਸੁੱਟੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਭਵਾਨੀਗੜ੍ਹ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 269, 270 ਤੇ 188 ਦੇ ਨਾਲ-ਨਾਲ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।