ਬੀਰਬਲ ਰਿਸ਼ੀ
ਸ਼ੇਰਪੁਰ, 9 ਸਤੰਬਰ
ਵੈਟਰਨਰੀ ਫਾਰਮਾਸਿਸਟਾਂ ਨੇ ਸਰਕਾਰ ਦੀ ‘ਚੱਲ ਦੇਖੀ ਜਾਉ’ ਦੀ ਨੀਤੀ ਤੋਂ ਤੰਗ ਆ ਕੇ ਸੰਘਰਸ਼ ਨੂੰ ਤੇਜ਼ ਕਰਨ ਲਈ ਸਰਗਰਮੀ ਫੜ੍ਹ ਲਈ ਹੈ। ਫਾਰਮਾਸਿਸਟਾਂ ਨੇ ਅੱਜ ਏਡੀਸੀ ਸੰਗਰੂਰ ਰਾਹੀਂ ਸਰਕਾਰ ਨੂੰ ‘ਯਾਦ ਪੱਤਰ’ ਭੇਜ ਕੇ ਤਕਰੀਬਨ 14 ਸਾਲਾਂ ਤੋਂ ਪਸ਼ੂ ਪਾਲਣ ਵਿਭਾਗ ’ਚ ਕੰਮ ਕਰਦੇ ਆ ਰਹੇ ਫਾਰਮਾਸਿਸਟਾਂ ਨੂੰ 30 ਸਤੰਬਰ ਤੱਕ ਰੈਗੂਲਰ ਕਰਨ ਦਾ ਅਲਟੀਮੇਟਮ ਦਿੱਤਾ ਹੈ।
ਵੈਟਰਨਰੀ ਫਾਰਮਾਸਿਸਟਾਂ ਦੇ ਵਫ਼ਦ ’ਚ ਸ਼ੁਮਾਰ ਜਥੇਬੰਦੀ ਦੇ ਪ੍ਰੈਸ ਸਕੱਤਰ ਮਨਪ੍ਰੀਤ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੁਮਾਰ, ਕਰਮਜੀਤ ਸਿੰਘ ਘੋੜੇਨਬ, ਗੁਰਤੇਜ ਸਿੰਘ ਪਾਤੜਾਂ, ਹਰਜਸ਼ਕਰਨ ਸਿੰਘ ਦੁੱਗਾਂ ਆਦਿ ਨੇ ਸੂਬਾਈ ਟੀਮ ਦੀਆਂ ਖਾਸ ਹਦਾਇਤਾਂ ’ਤੇ ਏਡੀਸੀ ਸੰਗਰੂਰ ਅਨਮੋਲ ਸਿੰਘ ਧਾਲੀਵਾਲ ਰਾਹੀਂ ਸਰਕਾਰ ਨੂੰ ਆਖਰੀ ਹੰਭਲੇ ਵਜੋਂ ਕੀਤੇ ਵਾਅਦੇ ਯਾਦ ਕਰਵਾਏ ਜਾਣ ਲਈ ਯਾਦ ਪੱਤਰ ਭੇਜਿਆ। ਆਗੂਆਂ ਨੇ ਦੱਸਿਆ ਕਿ ਪੰਜ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ, ਮਾਰਚ ਮਗਰੋਂ ਸਮਝੌਤਾ ਨਹੀਂ ਨਵਿਆਇਆ ਗਿਆ ਜਿਸ ਕਰਕੇ ਜਥੇਬੰਦੀ ਪਹਿਲਾਂ ਹੀ ਮਨਸੂਈ ਗਰਭਦਾਨ ਤੇ ਮੂੰਹ-ਖੁਰ ਵੈਕਸੀਨ ਦਾ ਬਾਈਕਾਟ ਕਰ ਚੁੱਕੀ ਹੈ। ਆਗੂਆਂ ਨੇ ਦੱਸਿਆ ਕਿ ਭੇਜੇ ਜਾ ਰਹੇ ਇਸ ਪੱਤਰ ’ਤੇ ਠੋਸ ਕਾਰਵਾਈ ਲਈ ਉਹ 30 ਸਤੰਬਰ ਤੱਕ ਸਰਕਾਰ ਦੇ ਠੋਸ ਫੈਸਲੇ ਦੀ ਉਡੀਕ ਕਰਨਗੇ ਜਿਸ ਮਗਰੋਂ ਜਥੇਬੰਦੀ ਪਸ਼ੂ ਹਸਪਤਾਲਾਂ ’ਚ ਓਪੀਡੀ, ਬੀਐਲਓ ਡਿਊਟੀ, ਦੁੱਧ ਚੁਆਈ ਮੁਕਾਬਲੇ ’ਚ ਡਿਊਟੀ, ਫਲੱਡ ਡਿਊਟੀ ਅਤੇ ਪਸ਼ੂ ਮੇਲਿਆਂ ’ਚ ਡਿਊਟੀ ਦਾ ਬਾਈਕਾਟ ਕਰੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।