ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਸਤੰਬਰ
ਦੀ ਬਾਲੀਆਂ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਦੀ ਕਥਿਤ ਤੌਰ ’ਤੇ ਅੰਦਰਖਾਤੇ ਸਿਰਫ਼ ‘ਕਾਗਜ਼ਾਂ’ ’ਚ 12 ਅਗਸਤ ਨੂੰ ਹੋਈ ਚੋਣ ਨੂੰ ਰੱਦ ਕਰਨ ਦੇ ਸਰਕਾਰੀ ਹੁਕਮ ਅੱਜ ਪ੍ਰਸ਼ਾਸਨ ਵੱਲੋਂ ਐਕਸ਼ਨ ਕਮੇਟੀ ਨੂੰ ਸੌਂਪ ਦਿੱਤੇ ਗਏ। ਇਸ ਮਗਰੋਂ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਬਾਲੀਆਂ ਸੁਸਾਇਟੀ ਅੱਗੇ ਲਾਇਆ ਪੱਕਾ ਰੋਸ ਧਰਨਾ ਕਿਸਾਨਾਂ ਨੇ ਸਮਾਪਤ ਕਰ ਦਿੱਤਾ ਹੈ ਅਤੇ ਭਲਕੇ 24 ਸਤੰਬਰ ਨੂੰ ਸੁਸਾਇਟੀ ਦੇ ਗੇਟ ਨੂੰ ਲੱਗਿਆ ਜਿੰਦਾ ਵੀ ਖੋਲ੍ਹਣ ਦਾ ਐਲਾਨ ਕੀਤਾ ਹੈ। ਐਕਸ਼ਨ ਕਮੇਟੀ ਅਨੁਸਾਰ ਹੁਣ ਬਾਲੀਆਂ ਸੁਸਾਇਟੀ ਦੀ ਲੋਕਤੰਤਰੀ ਅਤੇ ਪਾਰਦਰਸ਼ੀ ਢੰਗ ਨਾਲ ਚੋਣ ਕਰਾਉਣ ਲਈ ਲਿਖਤੀ ਪੱਤਰ ਸਹਿਕਾਰੀ ਵਿਭਾਗ ਨੂੰ ਸੌਂਪਿਆ ਜਾਵੇਗਾ।
ਸੁਸਾਇਟੀ ਨੂੰ ਜਿੰਦਰਾ ਲਗਾ ਕੇ ਪਿਛਲੇ ਦਸ ਦਿਨਾਂ ਤੋਂ ਪੱਕੇ ਰੋਸ ਧਰਨੇ ’ਤੇ ਡਟੇ ਕਿਸਾਨਾਂ ਨੂੰ ਅੱਜ ਪ੍ਰਸ਼ਾਸਨ ਤਰਫ਼ੋਂ ਥਾਣਾ ਸਦਰ ਪੁਲੀਸ ਦੇ ਮੁਖੀ ਰਾਕੇਸ਼ ਕੁਮਾਰ ਨੇ ਚੋਣ ਰੱਦ ਕਰਨ ਦਾ ਪੱਤਰ ਸੌਂਪਿਆ। ਇਸ ਮਗਰੋਂ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ। ਐਕਸ਼ਨ ਕਮੇਟੀ ਦੇ ਆਗੂਆਂ ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਕੇਵਲ ਸਿੰਘ ਬਾਲੀਆਂ ਨੇ ਦੱਸਿਆ ਕਿ 14 ਸਤੰਬਰ ਤੋਂ ਸੁਸਾਇਟੀ ਅੱਗੇ ਲਾਇਆ ਧਰਨਾ ਖਤਮ ਕਰ ਦਿੱਤਾ ਗਿਆ ਹੈ ਅਤੇ ਸੁਸਾਇਟੀ ਨੂੰ ਲਾਇਆ ਜਿੰਦਾ ਵੀ ਭਲਕੇ ਖੋਲ੍ਹ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਤਿੰਨ ਪਿੰਡਾਂ ਬਾਲੀਆਂ, ਰੂਪਾਹੇੜੀ ਅਤੇ ਲੱਡੀ ਨਾਲ ਸਬੰਧਤ ਸੁਸਾਇਟੀ ਦੀ ਚੋਣ ਅੰਦਰਖਾਤੇ ਸਿਰਫ਼ ਕਾਗਜ਼ਾਂ ਵਿਚ ਹੀ ਕਰ ਦਿੱਤੀ ਗਈ ਸੀ, ਜਿਸਦਾ ਪਤਾ ਲੱਗਦਿਆਂ ਹੀ ਤਿੰਨੇ ਪਿੰਡਾਂ ਦੇ ਕਿਸਾਨਾਂ ਨੇ ਸੁਸਾਇਟੀ ਨੂੰ ਜਿੰਦਾ ਲਗਾ ਕੇ ਪੱਕਾ ਧਰਨਾ ਲਗਾ ਦਿੱਤਾ ਸੀ। 16 ਸਤੰਬਰ ਨੂੰ ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ ਅਤੇ 21 ਨੂੰ ਸਹਾਇਕ ਰਜਿਸਟਰਾਰ ਨੇ ਕਿਸਾਨਾਂ ਦੇ ਧਰਨੇ ’ਚ ਪੁੱਜ ਕੇ ਚੋਣ ਰੱਦ ਕਰਨ ਦਾ ਐਲਾਨ ਕੀਤਾ ਸੀ।