ਹਰਦੀਪ ਸਿੰਘ ਸੋਢੀ
ਧੂਰੀ, 22 ਜੁਲਾਈ
ਲੰਘੇ ਦਿਨੀਂ ਪਨਗਰੇਨ ਵਿਭਾਗ ਅੰਦਰ ਸਭ ਕੁਝ ਠੀਕ-ਠਾਕ ਨਾ ਹੋਣ ਦੇ ਅੰਦੇਸ਼ੇ ਦੇ ਚੱਲਦਿਆਂ ਚੁੱਪ-ਚਪੀਤੇ ਇਕ ਜਾਂਚ ਟੀਮ ਵੱਲੋਂ ਧੂਰੀ ਆਉਣ ਸਬੰਧੀ ਨਸ਼ਰ ਹੋਈ ਖਬਰ ਤੋਂ ਬਾਅਦ ਅੱਜ ਪਨਗਰੇਨ ਵਿਭਾਗ ਮੁੜ੍ਹ ਉਸ ਸਮੇਂ ਚਰਚਾ ’ਚ ਆ ਗਿਆ, ਜਦੋਂ ਵਿਜੀਲੈਂਸ ਵਿਭਾਗ ਸੰਗਰੂਰ ਦੇ ਡੀਐੱਸਪੀ ਸਤਨਾਮ ਸਿੰਘ ਵਿਰਕ ਦੀ ਅਗਵਾਈ ਹੇਠ ਆਈ ਇਕ ਟੀਮ ਵੱਲੋਂ ਸ਼ਹਿਰੋਂ ਬਾਹਰ ਦੌਲਤਪੁਰ ਰੋਡ ’ਤੇ ਸਥਿਤ ਰਾਧੇ ਨਾਮੀ ਫਰਮ ਦੇ ਗੁਦਾਮਾਂ ਵਿੱਚ ਪਨਗਰੇਨ ਦੀ ਸਟੋਰ ਕੀਤੀ ਗਈ ਕਣਕ ਦੀ ਚੈਕਿੰਗ ਲਈ ਅਚਨਚੇਤ ਛਾਪਾ ਮਾਰਿਆ ਗਿਆ। ਛਾਪੇਮਾਰੀ ਦੀ ਭਿਣਕ ਲੱਗਦਿਆਂ ਹੀ ਮੌਕੇ ’ਤੇ ਪੁੱਜੀ ਪੱਤਰਕਾਰਾਂ ਦੀ ਟੀਮ ਨੂੰ ਭਾਵੇਂ ਛਾਪੇਮਾਰੀ ਕਰਨ ਆਏ ਅਮਲੇ ਨੇ ਗੁਦਾਮਾਂ ਅੰਦਰ ਜਾਣ ਤੋਂ ਸਾਫ ਮਨ੍ਹਾ ਕਰ ਦਿੱਤਾ ਪਰ ਚਰਚਾ ਅਨੁਸਾਰ ਪਿਛਲੇ ਸਮੇਂ ਦੌਰਾਨ ਪਨਗਰੇਨ ਵਿਭਾਗ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਖਰਾਬ ਕਣਕ ਦੇਣ ਸਮੇਤ ਅਨੇਕਾਂ ਹੋਰ ਮਾਮਲਿਆਂ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਵੱਲੋਂ ਇਹ ਜਾਂਚ ਕੀਤੀ ਗਈ ਹੈ। ਭਾਵੇਂ ਕਿਸੇ ਵੀ ਅਧਿਕਾਰੀ ਨੇ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਪਰ ਇਕ ਵਿਭਾਗੀ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਛਾਪੇਮਾਰੀ ਕਿਉਂ ਅਤੇ ਕਿਸ ਲਈ ਹੋਈ ਹੈ, ਇਸ ਬਾਰੇ ਉਨ੍ਹਾਂ ਨੂੰ ਵੀ ਨਹੀਂ ਦੱਸਿਆ ਗਿਆ ਪਰ ਛਾਪੇਮਾਰੀ ਕਰਨ ਆਈ ਟੀਮ ਵੱਲੋਂ ਗੁਦਾਮਾਂ ਅੰਦਰ ਕਣਕ ਦੇ ਲੱਗੇ ਚੱਕਿਆਂ ’ਚ ਲੱਗੀਆਂ ਬੋਰੀਆਂ ਦੀ ਗਿਣਤੀ ਤੇ ਤੋਲ ਚੈੱਕ ਕੀਤਾ ਜਾ ਰਿਹਾ ਹੈ ਅਤੇ ਕਣਕ ਦੀ ਕੁਆਲਿਟੀ ਪਰਖੀ ਜਾ ਰਹੀ ਹੈ। ਦੁਪਹਿਰ ਕਰੀਬ 12 ਵਜੇ ਤੱਕ ਆਈ ਇਸ ਟੀਮ ਵੱਲੋਂ ਖਬਰ ਲਿਖੇ ਜਾਣ ਤੱਕ ਗੁਦਾਮ ’ਚ ਚੈਕਿੰਗ ਦਾ ਕੰਮ ਜਾਰੀ ਸੀ। ਇਸ ਸਬੰਧੀ ਡੀਐੱਸਪੀ ਵਿਜੀਲੈਂਸ ਸਤਨਾਮ ਸਿੰਘ ਨਾਲ ਫੋਨ ’ਤੇ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਅਤੇ ਇਸ ਮਾਮਲੇ ਸਬੰਧੀ ਰਿਪਰੋਟ ਤਿਆਰ ਹੋਣ ਉਪਰੰਤ ਸਾਡੇ ਮਹਿਕਮੇ ਦੇ ਉੱਚ ਅਧਿਕਾਰੀ ਹੀ ਜਾਣਕਾਰੀ ਦੇ ਸਕਦੇ ਹਨ।