ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਜੂਨ
ਵਿਜੀਲੈਂਸ ਬਿਊੂਰੋ ਦੀ ਟੀਮ ਵੱਲੋਂ ਸਥਾਨਕ ਸਿਵਲ ਹਸਪਤਾਲ ਵਿੱਚ ਅੱਜ ਬਾਅਦ ਦੁਪਹਿਰ ਚੈਕਿੰਗ ਕੀਤੀ ਗਈ। ਵਿਜੀਲੈਂਸ ਟੀਮ ਕਰੀਬ ਘੰਟੇ ਤੋਂ ਵੱਧ ਸਮਾਂ ਸਿਵਲ ਹਸਪਤਾਲ ਵਿੱਚ ਰਹੀ ਜਿਸ ਦੌਰਾਨ ਉਨ੍ਹਾਂ ਵੱਖ-ਵੱਖ ਥਾਵਾਂ ਦਾ ਦੌਰਾ ਕਰਦਿਆਂ ਜਾਂਚ ਕੀਤੀ ਗਈ। ਵਿਜੀਲੈਂਸ ਟੀਮ ਨੇ ਗੋਡਿਆਂ ਦੇ ਅਪਰੇਸ਼ਨਾਂ ਨਾਲ ਸਬੰਧਤ ਰਿਕਾਰਡ ਦੀ ਜਾਂਚ ਲਈ ਕਬਜ਼ੇ ਵਿੱਚ ਲਿਆ ਹੈ।
ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਦੀ ਟੀਮ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਪੁੱਜੀ ਜਿੱਥੇ ਕਰੀਬ ਇੱਕ ਘੰਟੇ ਤੱਕ ਹੱਡੀਆਂ ਦੇ ਅਪਰੇਸ਼ਨਾਂ ਨਾਲ ਸਬੰਧਤ ਮਾਮਲਿਆਂ ਬਾਰੇ ਡਾਕਟਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਹਾਸਲ ਕੀਤੀ। ਵਿਜੀਲੈਂਸ ਟੀਮ ਐੱਸਐੱਮਓ ਦਫ਼ਤਰ, ਸਟੋਰ, ਅਪਰੇਸ਼ਨ ਥੀਏਟਰ ਆਦਿ ਵੱਖ-ਵੱਖ ਥਾਵਾਂ ’ਤੇ ਵੀ ਗਈ। ਵਿਜੀਲੈਂਸ ਟੀਮ ਨੇ ਇਹ ਜਾਣਕਾਰੀ ਹਾਸਲ ਕੀਤੀ ਕਿ ਗੋਡਿਆਂ ਦੇ ਅਪਰੇਸ਼ਨ ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਹਨ ਅਤੇ ਕਿਹੜੇ ਕਿਹੜੇ ਡਾਕਟਰ ਅਪਰੇਸ਼ਨ ਕਰਦੇ ਹਨ। ਵਾਪਸ ਜਾਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਦੇ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਰੂਟੀਨ ਚੈਕਿੰਗ ਕਰਨ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਕੋਲ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਹੈ ਸਗੋਂ ਵਿਜੀਲੈਂਸ ਖੁਦ ਹੀ ਚੈਕਿੰਗ ਕਰਨ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਤਹਿਤ ਗੋਡਿਆਂ ਦੇ ਅਪਰੇਸ਼ਨ ਬਿਲਕੁਲ ਮੁਫ਼ਤ ਹੁੰਦੇ ਹਨ। ਇਸ ਲਈ ਉਹ ਜਾਂਚ ਕਰਨਗੇ ਕਿ ਆਯੂਸਮਾਨ ਕਾਰਡ ਹੋਲਡਰ ਮਰੀਜ਼ਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਹੀ ਇਲਾਜ ਮਿਲ ਰਿਹਾ ਹੈ। ਕਰੀਬ ਇੱਕ ਘੰਟੇ ਦੀ ਚੈਕਿੰਗ ਉਪਰੰਤ ਦੋ ਮਹੀਨਿਆਂ ਦਾ ਰਿਕਾਰਡ ਲੈ ਕੇ ਵਿਜੀਲੈਂਸ ਟੀਮ ਵਾਪਸ ਪਰਤੀ।