ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 26 ਅਗਸਤ
ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਦੀ ਸੂਬਾ ਕਮੇਟੀ ਦੀ ਇੱਥੇ ਜਮਾਤ-ਏ-ਇਸਲਾਮੀ ਹਿੰਦ ਦੇ ਦਫ਼ਤਰ ਵਿਖੇ ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ ਗਿਆਨੀ ਕੇਵਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਨੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੰਚਾਇਤੀ ਰਾਜ ਸੰਸਥਾਵਾਂ ਅਤੇ ਜਮਹੂਰੀਅਤ ਦਾ ਮੁੱਢ ਕਹੀ ਜਾਣ ਵਾਲੀ ਗ੍ਰਾਮ ਸਭਾ ਦੀ ਪਿੰਡ ਦੇ ਵਿਕਾਸ ‘ਚ ਮਹੱਤਤਾ ਅਤੇ ਭੂਮਿਕਾ ਤੋਂ ਪੇਂਡੂ ਲੋਕਾਂ ਨੂੰ ਜਾਗਰੂਕ ਕਰਨ ਲਈ ਹੋਈ 2 ਸਤੰਬਰ ਤੋ 30 ਸਤੰਬਰ ਤੱਕ ਚੱਪੜਚਿੜੀ ਤੋਂ ਪਿੰਡ ਸਰਾਭਾ (ਲੁਧਿਆਣਾ) ਤੱਕ ਗ੍ਰਾਮ ਸਭਾ ਚੇਤਨਾ ਕਾਫ਼ਲਾ ਚਲਾਉਣ ਦਾ ਫ਼ੈਸਲਾ ਲਿਆ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਆਰਥਿਕ ਖੇਤਰ ’ਤੇ ਕਾਰਪੋਰੇਟ ਦਾ ਕਬਜ਼ਾ ਹੋ ਗਿਆ ਹੈ। ਸਿਆਸਤ ਦੇ ਸੂਤਰਧਾਰ ਵੀ ਕਾਰਪੋਰੇਟ ਘਰਾਣੇ ਬਣ ਗਏ ਹਨ। ਕਿਰਨਜੀਤ ਕੌਰ ਝੁਨੀਰ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਪੰਜਾਹ ਫ਼ੀਸਦ ਸਰਪੰਚ, ਪੰਚ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਹੋਰ ਉਮੀਦਵਾਰ ਔਰਤਾਂ ਬਣਨੀਆਂ ਹਨ। ਇਨ੍ਹਾਂ ਚੋਣਾਂ ਅਜਿਹੀਆਂ ਔਰਤਾਂ ਨੂੰ ਹੀ ਚੋਣ ਲੜਾਈ ਜਾਵੇ ਜੋ ਖ਼ੁਦ ਜ਼ਿੰਮੇਵਾਰੀ ਸੰਭਾਲਣ ਦੇ ਸਮਰੱਥ ਹੋਣ। ਡਾ. ਖ਼ੁਸ਼ਹਾਲ ਸਿੰਘ ਨੇ ਕਿਹਾ ਕਿ ਲੋਕ ਆਪਣੇ ਵਿੱਚੋਂ ਯੋਗ ਨੁਮਾਇੰਦੇ ਸਰਬਸੰਮਤੀ ਨਾਲ ਚੁਣਨ। ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਜੇਕਰ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦੇ ਲੋਕਾਂ ਨੂੰ ਨਾਲ ਲੈ ਕੇ ਪਿੰਡਾਂ ਦੀਆਂ ਸਮੱਸਿਆਵਾਂ ਪ੍ਰਤੀ ਆਵਾਜ਼ ਉਠਾਉਣਗੇ ਤਾਂ ਹੀ ਪਿੰਡ ਬਚਣਗੇ। ਇਸ ਮੌਕੇ ਕਰਮਦੀਨ ਮਲਿਕ, ਮਨਜੀਤ ਸਿੰਘ ਚੰਡੀਗੜ੍ਹ, ਮਨਪ੍ਰੀਤ ਕੌਰ ਰਾਜਪੁਰਾ ਅਤੇ ਅਰਸ਼ ਲਹਿਰਾ ਸਣੇ ਹੋਰ ਕਾਰਕੁਨ ਹਾਜ਼ਰ ਸਨ।