ਰਮੇਸ ਭਾਰਦਵਾਜ
ਲਹਿਰਾਗਾਗਾ, 22 ਜੁਲਾਈ
ਇਥੇ ਨਾਇਬ ਤਹਿਸੀਲਦਾਰ ਕਮ ਕਾਰਜਕਾਰੀ ਮਜਿਸਟਰੇਟ ਗੁਰਨੈਬ ਸਿੰਘ ਦੀ ਅਗਵਾਈ ’ਚ ਪ੍ਰਸ਼ਾਸਨ ਦੀ ਟੀਮ ਨੂੰ ਉਸ ਸਮੇਂ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਕਰੋਨਾਵਾਇਰਸ ਨੂੰ ਰੋਕਣ ਲਈ ਸਰਕਾਰੀ ਹੁਕਮਾਂ ਦੀ ਅਵੱਗਿਆ ਕਰਨ ਵਾਲੇ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਅੱਧੇ ਘੰਟੇ ਤੋਂ ਵੱਧ ਸਮਾਂ ਕਾਰਜਕਾਰੀ ਮਜਿਸਟਰੇਟ ਦੀ ਕਾਰ ਦਾ ਘਿਰਾਓ ਕੀਤਾ। ਲਹਿਰਾਗਾਗਾ ਦੀ ਪੁਲੀਸ ਕਰਮਚਾਰੀਆਂ ਦੀ ਬਹੁਤਾਤ ਕਰੋਨਾ ਪਾਜੇਟਿਵ ਆਉਣ ਕਰਕੇ ਕੋਈ ਪੁਲੀਸ ਕਰਮਚਾਰੀ ਇਸ ਟੀਮ ਦੇ ਨਾਲ ਨਹੀਂ ਸੀ। ਬਾਅਦ ’ਚ ਕਾਰਜਕਾਰੀ ਮਜਿਸਟਰੇਟ ਗੁਰਨੈਬ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਟੀਮ ਲਹਿਰਾਗਾਗਾ ’ਚ ਕਰੋਨਾ ਪੀੜਤਾਂ ਦੀ ਗਿਣਤੀ ਵਧਣ ਕਰਕੇ ਐੱਸਡੀਐੱਮ ਜੀਵਨ ਜੋਤ ਕੌਰ ਦੀ ਹਦਾਇਤ ’ਤੇ ਇਥੇ ਮੰਡੀ ਵਾਲੇ ਮੰਦਰ ਨੇੜੇ ਪੁਰਾਣੀ ਅਨਾਜ ਮੰਡੀ ’ਚ ਕੋਵਿਡ-19 ਦੇ ਹੁਕਮਾਂ ਦੀ ਅਵੱਗਿਆ ਕਰਨ ਵਾਲੇ ਲੋਕਾਂ ਨੂੰ ਘੇਰ ਕੇ ਮਾਸਕ ਨਾ ਪਹਿਨਣ, ਸੋਸ਼ਲ ਡਿਸਟੈਂਸ ਦੇ ਚਾਲਾਨ ਕੱਟ ਰਹੀ ਸੀ ਅਤੇ ਟੀਮ ਨੇ ਅਜੇ ਤਿੰਨ ਚਾਰ ਵਿਅਕਤੀਆਂ ਦੇ ਹੀ ਚਾਲਾਨ ਕੱਟੇ ਸਨ ਕਿ ਦੁਕਾਨਦਾਰਾਂ ਨੇ ਰੋਲਾ ਪਾ ਕੇ ਇਕੱਠ ਕਰਕੇ ਉਨ੍ਹਾਂ ਦੀ ਗੱਡੀ ਘੇਰ ਲਈ ਅਤੇ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਰੋਨਾਵਾਇਰਸ ਨੂੰ ਬਹਾਨਾ ਬਣਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਦੀ ਅਵੱਗਿਆ ਕਰਨ ਵਾਲੇ ਵਿਅਕਤੀ ਸਾਰਾ ਦਿਨ ਖੁਲ੍ਹੇਆਮ ਘੁੰਮਦੇ ਹਨ। ਕਾਰਜਕਾਰੀ ਮਜਿਸਟਰੇਟ ਨੇ ਦੱਸਿਆ ਕਿ ਉਹ ਸਾਰੇ ਮਾਮਲੇ ਦੀ ਵੀਡੀਓ ਬਣਾ ਕੇ ਐੱਸਡੀਐੱਮ ਨੂੰ ਰਿਪੋਰਟ ਦੇ ਰਹੇ ਹਨ। ਐੱਸਡੀਐੱਮ ਜੀਵਨ ਜੋਤ ਕੌਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਲਹਿਰਾਗਾਗਾ ’ਚ ਸੱਤ ਨਵੇਂ ਕਰੋਨਾ ਪਾਜ਼ੇਟਿਵ ਕੇਸ
ਲਹਿਰਾਗਾਗਾ (ਪੱਤਰ ਪ੍ਰੇਰਕ) ਕਰੋਨਾਵਾਇਰਸ ਨੇ ਲਹਿਰਾਗਾਗਾ ਥਾਣੇ, ਤਹਿਸੀਲ ਦਫ਼ਤਰ ਸਣੇ ਸ਼ਹਿਰ ਨੂੰ ਬੁਰੀ ਤਰ੍ਹਾਂ ਜਕੜ ਲਿਆ ਹੈ। ਅੱਜ ਪਟਿਆਲਾ ਤੋਂ ਆਈ ਰਿਪੋਰਟ ਅਨੁਸਾਰ ਲਹਿਰਾਗਾਗਾ ਦੀ ਤਹਿਸੀਲ ਦਫ਼ਤਰ ਦੀ ਕਰਮਚਾਰੀ ਨਿਰਮਲਾ ਰਾਣੀ, ਮੋਹਿਤ ਗਰਗ, ਥਾਣਾ ਸਦਰ ਦੇ ਕਰਮਚਾਰੀ ਮਿੱਠੂ ਸਿੰਘ (54), ਨੰਦ ਲਾਲ (46), ਰਾਜਿੰਦਰ ਕੁਮਾਰ (30), ਅੰਗਰੇਜ ਸਿੰਘ (50) ਵਾਸੀ ਰਾਮਪੁਰਾ ਜਵਾਹਰਵਾਲਾ ਤੇ ਗੁਰਦੀਪ ਸਿੰਘ (29) ਵਾਸੀ ਰਾਏਧਰਾਨਾ ਆਦਿ ਕਾਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਸੱਤ ਕਰੋਨਾ ਪੀੜਤਾਂ ਨੂੰ ਜ਼ਿਲ੍ਹਾ ਕੋਵਿਡ ਹਸਪਤਾਲ ਘਾਬਦਾਂ ’ਚ ਭੇਜਿਆ ਜਾ ਰਿਹਾ ਹੈ।
ਜ਼ਿਲ੍ਹਾ ਸੰਗਰੂਰ ’ਚ 17 ਹੋਰ ਕਰੋਨਾ ਪੀੜਤ ਮਰੀਜ਼ ਆਏ
ਸੰਗਰੂਰ (ਗੁਰਦੀਪ ਸਿੰਘ ਲਾਲੀ) ਜ਼ਿਲ੍ਹਾ ਸੰਗਰੂਰ ਵਿਚ ਅੱਜ 17 ਹੋਰ ਨਵੇਂ ਕਰੋਨਾ ਪੀੜਤ ਮਰੀਜ਼ ਸਾਹਮਣੇ ਆਏ ਹਨ ਜਦੋਂਕਿ 6 ਮਰੀਜ਼ ਕਰੋਨਾ ਨੂੰ ਮਾਤ ਦਿੰਦਿਆਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 842 ਹੋ ਚੁੱਕੀ ਹੈ ਜਿਸ ਵਿੱਚੋਂ 641 ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਜ਼ਿਲ੍ਹੇ ’ਚ 179 ਐਕਟਿਵ ਮਰੀਜ਼ ਹਨ ਜਿਨ੍ਹਾਂ ’ਚੋਂ 3 ਦੀ ਹਾਲਤ ਗੰਭੀਰ ਹੈ। ਡਿਪਟੀ ਕਮਿਸ਼ਨਰ ਰਾਮਵੀਰ ਅਨੁਸਾਰ ਜ਼ਿਲ੍ਹੇ ’ਚ ਅੱਜ 17 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਮਰੀਜ਼ਾਂ ’ਚੋਂ ਲਹਿਰਾਗਾਗਾ/ਮੂਨਕ ਨਾਲ ਸਬੰਧਤ 7 ਮਰੀਜ਼ ਹਨ ਜਿਨ੍ਹਾਂ ’ਚ ਇੱਕ ਪੁਲੀਸ ਮੁਲਾਜ਼ਮ ਤੇ ਦੋ ਦਫ਼ਤਰੀ ਕਰਮਚਾਰੀ ਹਨ। ਬਲਾਕ ਮਲੇਰਕੋਟਲਾ ਦੇ 5 ਮਰੀਜ਼ ਹਨ ਜਿਨ੍ਹਾਂ ’ਚੋਂ 4 ਫੈਕਟਰੀ ਵਰਕਰ ਹਨ। ਇਸ ਤੋਂ ਇਲਾਵਾ ਸੁਨਾਮ ਦੇ ਤਿੰਨ ਮਰੀਜ਼ ਜਦੋਂਕਿ ਬਲਾਕ ਕੌਹਰੀਆਂ ਤੇ ਸੰਗਰੂਰ ਦਾ ਇੱਕ-ਇੱਕ ਮਰੀਜ਼ ਹੈ। ਉਧਰ ਅੱਜ 6 ਹੋਰ ਮਰੀਜ਼ ਕਰੋਨਾ ਨੂੰ ਮਾਤ ਦਿੰਦਿਆਂ ਤੰਦਰੁਸਤ ਹੋਏ ਹਨ ਜਿਨ੍ਹਾਂ ’ਚੋਂ ਕੋਵਿਡ ਕੇਅਰ ਸੈਂਟਰਾਂ ’ਚੋ ਘਰ ਭੇਜ ਦਿੱਤਾ ਗਿਆ ਹੈ। ਸਫ਼ਲ ਇਲਾਜ ਮਗਰੋਂ ਘਰ ਪਰਤੇ ਮਰੀਜ਼ਾਂ ’ਚੋ ਇੱਕ ਕੋਵਿਡ ਕੇਅਰ ਸੈਂਟਰ ਘਾਬਦਾਂ, 2 ਮਰੀਜ਼ ਸਿਵਲ ਹਸਪਤਾਲ ਸੰਗਰੂਰ, ਇੱਕ ਮਰੀਜ਼ ਮੁਹਾਲੀ ਤੇ 2 ਜਣਿਆਂ ਨੇ ਘਰ ਇਕਾਂਤਵਾਸ ਦੌਰਾਨ ਕਰੋਨਾ ਨੂੰ ਹਰਾਇਆ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾਵਾਇਰਸ ਤੋਂ ਬਚਣ ਲਈ ਇੱਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਤੇ ਆਪਣੇ ਮੂੰਹ ’ਤੇ ਮਾਸਕ ਜ਼ਰੂਰ ਪਾਉਣ।