ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 5 ਨਵੰਬਰ
ਵਿਸ਼ਵਕਰਮਾ ਦਿਵਸ ਮੌਕੇ ਸੁਨਾਮ ਅੰਦਰ ਵੱਖ-ਵੱਖ ਥਾਵਾਂ ’ਤੇ ਸਮਾਗਮ ਕਰਵਾਏ ਗਏ। ਸਥਾਨਕ ਘੁੰਮਣ ਭਵਨ ਵਿੱਚ ਹੋਏ ਇਮਾਰਤੀ ਪੇਂਟਰ ਰੰਗਸਾਜ ਯੂਨੀਅਨ (ਸੀਟੂ) ਵੱਲੋਂ ਕਰਵਾਏ ਗਏ ਸਮਾਗਮ ਵਿਚ ਸੀਪੀਆਈ (ਐੱਮ) ਤਹਿਸੀਲ ਸੁਨਾਮ ਦੇ ਸਕੱਤਰ ਕਾਮਰੇਡ ਵਰਿੰਦਰ ਕੌਸ਼ਿਕ ਅਤੇ ਐਡਵੋਕੇਟ ਮਿੱਤ ਸਿੰਘ ਜਨਾਲ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਨੇ ਦੁਨੀਆ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਉਨ੍ਹਾਂ ਦੇ ਪੈਰੋਕਾਰ, ਕਿਰਤੀ ਲੋਕ ਅੱਜ ਦੁਨੀਆਂ ਦੀ ਨਕਸ਼ ਨੁਹਾਰ ਬਦਲਣ ਵਿਚ ਯੋਗਦਾਨ ਪਾ ਰਹੇ ਹਨ ਪਰ ਉਨ੍ਹਾਂ ਦੀ ਕਿਰਤ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ, ਜਿਸ ਕਾਰਨ ਅੱਜ ਮਜ਼ਦੂਰ ਜਮਾਤ ਦੀ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਰਤੀਆਂ ਨੂੰ ਆਪਣੇ ਹੱਕ ਲੈਣ ਲਈ ਜਥੇਬੰਦ ਹੋ ਕੇ ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲੈਣੀ ਪਵੇਗੀ। ਇਸ ਤੋਂ ਬਾਅਦ ਇਮਾਰਤੀ ਪੇਂਟਰ ਰੰਗਸਾਜ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਗੁਰਜੰਟ ਸਿੰਘ ਨੂੰ ਪ੍ਰਧਾਨ, ਨਿਰਮਲ ਸਿੰਘ (ਕਾਲਾ) ਨੂੰ ਸਕੱਤਰ, ਕਰਮਜੀਤ ਸਿੰਘ ਖਜ਼ਾਨਚੀ, ਜਾਸ਼ੀਨ ਖਾਂ ਮੀਤ ਪ੍ਰਧਾਨ, ਤਰਸੇਮ ਸਿੰਘ ਮੀਤ ਸਕੱਤਰ ਅਤੇ ਰਾਮ ਸਿੰਘ ਸਰਪ੍ਰਸਤ ਚੁਣੇ ਗਏ। ਸ੍ਰੀ ਵਿਸ਼ਵਕਰਮਾ ਕਾਰਪੇਂਟਰ ਐਂਡ ਇਮਾਰਤੀ ਪੇਂਟਰ ਯੂਨੀਅਨ ਵੱਲੋਂ ਵਿਸ਼ਵਕਰਮਾ ਦਿਵਸ, ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਮਨਾਇਆ ਗਿਆ।
ਅਮਰਗੜ੍ਹ (ਪੱਤਰ ਪ੍ਰੇਰਕ): ਕਿਰਤ ਤੇ ਕਲਾ ਦੇ ਦੇਵਤਾ ਵਿਸ਼ਵਕਰਮਾ ਦਾ ਪ੍ਰਕਾਸ਼ ਉਤਸਵ ਇਥੇ ਗੁਰਦੁਆਰਾ ਵਿਸ਼ਵਕਰਮਾ ਝੂੰਦਾਂ ਰੋਡ ’ਚ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਤੇ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਨੇ ਕਿਹਾ ਕਿ ਸਾਨੂੰ ਵਿਸ਼ਵਕਰਮਾ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਬੀਬੀ ਜਸਪਾਲ ਕੌਰ, ਪ੍ਰਧਾਨ ਪਰਮਜੀਤ ਸਿੰਘ ਮੰਡਾਹੜ, ਗੁਰਨੀਤ ਸਿੰਘ ਗੁੱਨੀ, ਵਿਜੇ ਕੁਮਾਰ, ਰੋਕੀ ਪ੍ਰਿੰਸ ਜੋਸੀ ਆਦਿ ਹਾਜ਼ਰ ਸਨ।
ਰਾਜਪੁਰਾ (ਪੱਤਰ ਪ੍ਰੇਰਕ): ਇਥੋਂ ਦੇ ਵਿਸ਼ਵਕਰਮਾ ਮੰਦਰ ’ਚ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਵਕਰਮਾ ਜੈਅੰਤੀ ਮਨਾਈ ਗਈ। ਇਸ ਮੌਕੇ ਹਵਨ ਯੱਗ ਕਰਵਾਇਆ ਗਿਆ ਅਤੇ ਝੰਡੇ ਦੀ ਰਸਮ ਕੀਤੀ ਗਈ। ਸਮਾਗਮ ਵਿੱਚ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਅਕਾਲੀ ਦਲ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ, ‘ਆਪ’ ਆਗੂ ਨੀਨਾ ਮਿੱਤਲ, ਜਗਦੀਸ਼ ਕੁਮਾਰ ਜੱਗਾ, ਗਿਆਨੀ ਭੁਪਿੰਦਰ ਸਿੰਘ ਗੋਲੂ, ਕੈਪਟਨ ਸ਼ੇਰ ਸਿੰਘ, ਦੀਪਕ ਸੂਦ ਸਮੇਤ ਹੋਰ ਆਗੂਆਂ ਨੇ ਸ਼ਿਰਕਤ ਕੀਤੀ।
ਦਿੜਬਾ ਮੰਡੀ (ਪੱਤਰ ਪ੍ਰੇਰਕ): ਵਿਸ਼ਵਕਰਮਾ ਭਵਨ ਪ੍ਰਬੰਧਕ ਕਮੇਟੀ ਦਿੜਬਾ, ਰਾਮਗੜ੍ਹੀਆ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਅਤੇ ਸਮੂਹ ਰਾਮਗੜ੍ਹੀਆ ਬਰਾਦਰੀ ਦੇ ਲੋਕਾਂ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ’ਚ ਵਿਧਾਇਕ ਹਰਪਾਲ ਸਿੰਘ ਚੀਮਾ, ਵਿਧਾਇਕ ਸੁਰਜੀਤ ਸਿੰਘ ਧੀਮਾਨ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਲੋਕ ਪੁੱਜੇ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਬਾਬਾ ਰੋਡਾ ਸ੍ਰੀ ਵਿਸ਼ਵਕਰਮਾ ਸਭਾ ਜਮਾਲਪੁਰਾ (ਮਾਲੇਰਕੋਟਲਾ) ਵੱਲੋਂ ਪ੍ਰਧਾਨ ਵੈਦ ਮੋਹਨ ਲਾਲ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਜਮਾਲਪੁਰਾ ਮਾਲੇਰਕੋਟਲਾ ਵਿੱਚ ਸਾਲਾਨਾ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਮਨੋਜ ਬਾਂਸਲ ਵੱਲੋਂ ਹਵਨ ਕਰਵਾਇਆ ਗਿਆ। ਝੰਡੇ ਦੀ ਰਸਮ ਕੁਲਦੀਪ ਸਿੰਘ ਨੇ ਨਿਭਾਈ। ਵੱਖ ਵੱਖ ਕਵੀਸ਼ਰੀ ਜਥਿਆਂ ਵੱਲੋਂ ਵਿਸ਼ਵਕਰਮਾ ਜੀ ਦਾ ਗੁਣਗਾਣ ਕੀਤਾ ਗਿਆ।
ਸ਼ਿਲਪਕਾਰਾਂ ਨੇ ਵਿਸ਼ਵਕਰਮਾ ਜੈਅੰਤੀ ਮਨਾਈ
ਲਹਿਰਾਗਾਗਾ (ਪੱਤਰ ਪ੍ਰੇਰਕ): ਇਲਾਕੇ ਅੰਦਰ ਸ਼ਿਲਪਕਾਰਾਂ ਵੱਲੋਂ ਬਾਈਪਾਸ ਅਤੇ ਮੰਡੀ ਵਾਲੇ ਪਾਸੇ ਬਣੇ ਵਿਸ਼ਵਕਰਮਾ ਮੰਦਰਾਂ ’ਚ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਇਸ ਸਬੰਧੀ ਬਾਈਪਾਸ ਰੋਡ ’ਤੇ ਬਣੇ ਬਾਬਾ ਵਿਸ਼ਵਕਰਮਾ ਮੰਦਰ ਵਿੱਚ ਭਗਵਾਨ ਵਿਸ਼ਵਕਰਮਾ ਕਮੇਟੀ ਵੱਲੋਂ ਪਾਠ ਦੇ ਭੋਗ ਪਾਏ ਗਏ। ਉਧਰ ਹਲਕਾ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਦਲ ਦੇ ਹਲਕਾ ਇੰਚਾਰਜ ਗੋਬਿੰਦ ਸਿੰਘ ਲੌਂਗੋਵਾਲ, ਲਹਿਰਾ ਵਿਕਾਸ ਮੰਚ ਦੇ ਉਮੀਦਵਾਰ ਐਡਵੋਕੇਟ ਬਰਿੰਦਰ ਗੋਇਲ, ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਮੈਨ ਬੀਬੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਨੇ ਸਮੁੱਚੇ ਲੋਕਾਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ। ਸ਼ਹਿਰ ਵਿੱਚ ਤਰਖਾਣਾਂ, ਸੁਨਿਆਰਾਂ, ਲੁਹਾਰਾਂ, ਮਿਸਤਰੀਆਂ ਅਤੇ ਹੋਰ ਦਸਤਕਾਰਾਂ ਨੇ ਅੱਜ ਦੇ ਦਿਨ ਆਪਣੇ ਸੰਦਾਂ ਦੀ ਪੂਜਾ ਕੀਤੀ ਪਰ ਕੋਈ ਕੰਮ ਨਹੀਂ ਕੀਤਾ।
ਕਿਰਤੀਆਂ ਵੱਲੋਂ ਆਪਣੇ ਔਜ਼ਾਰਾਂ ਦੀ ਪੂਜਾ
ਪਟਿਆਲਾ (ਪੱਤਰ ਪ੍ਰੇਰਕ): ਵਿਸ਼ਵਕਰਮਾ ਦਿਵਸ ਨੂੰ ਕੁਝ ਇਲਾਕਿਆਂ ਵਿਚ ‘ਬਲਰਾਜ’ ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਹੇ ਦਾ ਕੰਮ, ਲੱਕੜ, ਮਕਾਨ ਬਣਾਉਣ ਵਾਲੇ, ਕੋਈ ਵੀ ਮਸ਼ੀਨ ਠੀਕ ਕਰਨ ਵਾਲੇ ਜਾਂ ਬਣਾਉਣ ਵਾਲੇ ਲੋਕ ਕੰਮ ਨਹੀਂ ਕਰਦੇ, ਸਗੋਂ ਅੱਜ ਦੇ ਦਿਨ ਆਪਣੇ ਔਜ਼ਾਰਾਂ ਦੀ ਪੂਜਾ ਕਰਦੇ ਹਨ, ਇਸੇ ਤਹਿਤ ਵਿਸ਼ਵਕਰਮਾ ਦਿਵਸ ਮੌਕੇ ਮਿਸਤਰੀਆਂ ਨੇ ਆਪਣੇ ਔਜ਼ਾਰਾਂ ਦੀ ਪੂਜਾ ਕੀਤੀ ਅਤੇ ਦੁਕਾਨਾਂ ਦੀ ਸਫ਼ਾਈ ਕੀਤੀ। ਜਾਣਕਾਰੀ ਅਨੁਸਾਰ ਦੀਵਾਲੀ ਤੋਂ ਇਕ ਦਿਨ ਬਾਅਦ ਆਉਣ ਵਾਲੇ ਇਸ ਦਿਨ ਨੂੰ ਕਿਰਤੀਆਂ ਦੀ ਦੀਵਾਲੀ ਵੀ ਕਿਹਾ ਜਾਂਦਾ ਹੈ, ਇਸ ਦਿਨ ਮਿਸਤਰੀਆਂ ਅਤੇ ਮਜ਼ਦੂਰਾਂ ਦੇ ਘਰਾਂ ਵਿਚ ਦੀਵੇ ਜਗਾਏ ਜਾਂਦੇ ਹਨ। ਇੱਥੇ ਸਿਉਣਾ ਸਟੀਲ ਇੰਡਸਟਰੀ ਚਲਾ ਰਹੇ ਸਾਧੂ ਰਾਮ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਵਰਦਾਨ ਹੁੰਦਾ ਹੈ, ਸਾਡਾ ਭਗਵਾਨ ਵਿਸ਼ਵਕਰਮਾ ਹੈ, ਜਿਸ ਨੇ ਸਾਰੇ ਵਿਸ਼ਵ ਦੀ ਰਚਨਾ ਕੀਤੀ ਹੈ।