ਖੇਤਰੀ ਪ੍ਰਤੀਨਿਧ
ਧੂਰੀ, 4 ਮਈ
ਸਥਾਨਕ ਸਿਵਲ ਹਸਪਤਾਲ ਅੰਦਰ ਬਣਾਏ ਗਏ ਕਰੋਨਾ ਜਣੇਪਾ ਵਾਰਡ ਅੰਦਰ ਸਿਹਤ ਸੇਵਾਵਾਂ ਦਾ ਨਿਰੀਖਣ ਕਰਨ ਲਈ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਤ ਖੰਗੂੜਾ ਵੱਲੋਂ ਅੱਜ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਿਮਰਤ ਖੰਗੂੜਾ ਨੇ ਜਿੱਥੇ ਐੱਸ.ਐੱਮ.ਓ ਰਿਸ਼ਮਾ ਭੌਰਾ ਤੋਂ ਸਿਹਤ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ, ਉੱਥੇ ਪੀਪੀਈ ਕਿੱਟ ਪਾ ਕੇ ਕਰੋਨਾ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਹਾਲ-ਚਾਲ ਪੁੱਛਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਇਸ ਕਰੋਨਾ ਲਾਗ ਦੀ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ, ਉਥੇ ਹੀ ਸਰਕਾਰੀ ਹਸਪਤਾਲਾਂ ਅੰਦਰ ਸਿਹਤ ਸਹੂਲਤਾਂ ਸਬੰਧੀ ਵੀ ਪੈਣੀ ਨਿਗਾਹ ਰੱਖੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਬਹੁਤ ਹੀ ਜ਼ਰੂਰੀ ਕੰਮ ਹੋਣ ’ਤੇ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਸਪਤਾਲ ਵਿੱਚ ਸਰਕਾਰੀ ਪ੍ਰਬੰਧ ਠੀਕ ਹਨ ਅਤੇ ਹਸਪਤਾਲ ਅੰਦਰ ਦਾਖਲ ਪੰਜ ਕਰੋਨਾ ਪ੍ਰਭਾਵਿਤ ਗਰਭਵਤੀ ਔਰਤਾਂ ’ਚੋਂ ਇਕ ਮਹਿਲਾ ਦਾ ਸੁਰੱਖਿਅਤ ਜਣੇਪਾ ਵੀ ਅੱਜ ਹੋਇਆ ਹੈ।