ਨਿਜੀ ਪੱਤਰ ਪ੍ਰੇਰਕ
ਸੰਗਰੂਰ, 18 ਮਾਰਚ
ਟਰਾਂਸਪੋਰਟ ਵਿਭਾਗ ’ਚ ਹੋਰ ਪਾਰਦਰਸ਼ਤਾ ਲਿਆਉਣ ਲਈ ਸਰਕਾਰੀ ਬੱਸਾਂ ’ਚ ਵੀਟੀਐੱਸ ਸਿਸਟਮ (ਵੀਹਕਲ ਟਰੈਕਿੰਗ ਸਿਸਟਮ) ਲਗਾਇਆ ਗਿਆ ਹੈ ਤੇ ਪ੍ਰਾਈਵੇਟ ਬੱਸਾਂ ’ਚ ਆਉਣ ਵਾਲੇ ਛੇ ਮਹੀਨਿਆਂ ’ਚ ਇਹ ਸਿਸਟਮ ਲਗਾਇਆ ਜਾਵੇਗਾ। ਵੀਟੀਐੱਸ ਸਿਸਟਮ ਨਾਲ ਬੱਸਾਂ ਦੀ ਲੋਕੇਸ਼ਨ, ਮੂਮੈਂਟ, ਓਵਰ ਸਪੀਡ, ਸਮਾਂ ਤੇ ਹੋਰ ਜਾਣਕਾਰੀ ਮਿਲ ਸਕੇਗੀ। ਇਸ ਸਿਸਟਮ ਨਾਲ ਜਿਥੇ ਰੈਵਨਿਊ ’ਚ ਵਾਧਾ ਹੋਵੇਗਾ ਉਥੇ ਇਹ ਸਿਸਟਮ ਟਰਾਂਸਪੋਰਟ ਮਾਫ਼ੀਆ ਨੂੰ ਖਤਮ ਕਰਨ ’ਚ ਸਹਾਈ ਹੋਵੇਗਾ। ਇਹ ਜਾਣਕਾਰੀ ਪੰਜਾਬ ਦੇ ਟਰਾਂਸਪੋਰਟ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆਂ ਸੁਲਤਾਨਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ’ਚ ਨਿਰੋਏ ਪੰਜਾਬ ਦੇ ਚਾਰ ਸਾਲ ਪੂਰੇ ਹੋਣ ਤੇ ਵਰਚੂਅਲ ਪ੍ਰੈੱਸ ਕਾਨਫਰੰਸ਼ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਪ੍ਰੈੱਸ ਮਿਲਣੀ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਰਾਜ ਅੰਦਰ ਬੱਸਾਂ ਤੇ ਹੋਰ ਪ੍ਰਾਈਵੇਟ ਵਹੀਕਲਾਂ ਰਾਹੀ ਸਫ਼ਰ ਕਰਨ ਵਾਲੀਆਂ ਔਰਤਾਂ ਤੇ ਬੱਚਿਆ ਦੀ ਸੁਰੱਖਿਆ ਲਈ ਵਾਹਨਾਂ ’ਚ ਪੈਨਿਕ ਬਟਨ ਤੇ ਵਹੀਕਲ ਲੋਕੋਸ਼ਨ ਟਰੈਕਿੰਗ ਉਪਕਰਨ ਲਾਉਣ ਲਈ ਕਰੀਬ 15 ਕਰੋੜ ਦੀ ਲਾਗਤ ਨਾਲ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਮਾਰਟ ਕਾਰਡ ਰੂਪੀ ਡਰਾਇੰਵਿੰਗ ਲਾਇਸੰਸ ਤੇ ਵਹੀਕਲ ਦੀ ਆਰਸੀ ਜਾਰੀ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦੀ ਉਸਾਰੀ ਲਈ ਤਜ਼ਵੀਜ ਤਿਆਰ ਕਰ ਲਈ ਗਈ ਹੈ ਤੇ ਜਲਦੀ ਕਾਲਜ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਮਲੇਰਕੋਟਲਾ ਸ਼ਹਿਰ ਦੇ ਲੋਕਾਂ ਦੀ ਮੰਗ ’ਤੇ ਮਲੇਰਕੋਟਲਾ ਦੇ ਬੱਸ ਸਟੈਂਡ ਦਾ ਨਵੀਨੀਕਰਨ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਤੇ ਮਲੇਰਕੋਟਲਾ ’ਚ ਲੁਧਿਆਣਾ-ਖੰਨਾ ਰੋਡ ਤੇ ਓਵਰਬ੍ਰਿਜ ਦੇ ਚੱਲ ਰਹੇ ਕੰਮ ਨੂੰ ਮੌਜੂਦਾ ਸਾਲ ਅੰਦਰ ਹਰ ਹੀਲੇ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਆਪਣੇ ਵਿਭਾਗ ਦੀ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੇ ਪੇਂਡੂ ਖੇਤਰਾਂ ’ਚ ਸਫ਼ਰ ਸਹੂਲਤਾ ਪ੍ਰਦਾਨ ਕਰਨ ਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦਾ ਮੌਕਾ ਦੇਣ ਲਈ 3000 ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕੀਤੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਹਰ ਘਰ ਪਾਣੀ ਹਰ ਘਰ ਸਫ਼ਾਈ ਮਿਸ਼ਨ ਤਹਿਤ ਚਾਰ ਸਾਲਾਂ ’ਚ 1450 ਕਰੋੜ ਰੁਪਏ ਖਰਚ ਕੀਤੇ ਗਏ ਹਨ ਤੇ ਪੇਂਡੂ ਖੇਤਰ ਦੇ 100 ਫੀਸਦੀ ਘਰਾਂ ’ਚ ਪੀਣਯੋਗ ਪਾਣੀ 2022 ਤੱਕ ਹਰ ਹੀਲੇ ਪਹੁੰਚਾਇਆ ਜਾਵੇਗਾ।