ਪੱਤਰ ਪ੍ਰੇਰਕ
ਸੰਗਰੂਰ, 11 ਮਈ
ਜ਼ਿਲ੍ਹਾ ਸੰਗਰੂਰ ਭੱਠਾ ਬਚਾਓ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੇਵਲ ਕ੍ਰਿਸ਼ਨ ਲੌਂਗੋਵਾਲੀਆਂ ਤੇ ਲਾਲ ਝੰਡਾ ਐੱਫ.ਸੀ.ਆਈ ਮਜ਼ਦੂਰ ਯੂਨੀਅਨ ਦੇ ਆਗੂ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਯੋਧਾ ਵਿਚਾਲੇ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਜ਼ਦੂਰੀ ਦੇ ਰੇਟਾਂ ਨੂੰ ਲੈ ਕੇ ਫ਼ੈਸਲਾ ਲਿਆ ਗਿਆ| ਇਸ ਸਮੇਂ ਭੱਠਾ ਮਾਲਕਾਂ ਦੇ ਵਪਾਰ ’ਤੇ ਪੈ ਰਹੇ ਮਾੜੇ ਅਸਰ ਨੂੰ ਮੱਦੇਨਜ਼ਰ ਰੱਖਦਿਆਂ ਲੇਬਰ ਰੇਟਾਂ ਵਿਚਾਲੇ ਚੱਲ ਰਹੇ ਰੇੜਕੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ| ਭੱਠਾ ਐਸੋਸੀਏਸ਼ਨ ਦੇ ਆਗੂਆਂ ਐਡਵੋਕੇਟ ਕੇਵਲ ਕ੍ਰਿਸ਼ਨ ਲੌਂਗੋਵਾਲੀਆਂ ਅਤੇ ਫਤਿਹ ਪ੍ਰਭਾਕਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਭੱਠਾ ਐਸੋਸੀਏਸ਼ਨ ’ਤੇ ਜਿਥੇ ਕੋਲੇ ਦੀ ਮਾਰ ਪਈ ਹੈ, ਉਥੇ ਇੱਟ ਦੀ ਵਿਕਰੀ ਉਸ ਰਫਤਾਰ ਨਾਲ ਨਹੀਂ ਹੋ ਰਹੀ, ਜਿਸ ਤਰ੍ਹਾਂ ਇੱਟ ਦੀ ਪ੍ਰੋਡਕਸ਼ਨ ਕੀਤੀ ਗਈ| ਆਗੂਆਂ ਦਾ ਕਹਿਣਾ ਹੈ ਕਿ ਇਸ ਸੰਨਤ ਨੂੰ ਆਰਥਿਕ ਤੌਰ ’ਤੇ ਪੈਰਾਂ ਤੇ ਖੜ੍ਹੇ ਹੋਣ ਲਈ ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ| ਇਸ ਤਿੰਨ ਧਿਰੀ ਵਾਰਤਾਂ ਵਿੱਚ ਹੋਰਾਂ ਤੋਂ ਇਲਾਵਾ ਕੇਵਲ ਕ੍ਰਿਸ਼ਨ, ਐੱਚ.ਐੱਸ ਸਿੱਧੂ, ਮੁਕੇਸ਼ ਕੁਮਾਰ, ਵਿਜੈ ਕੁਮਾਰ, ਅਸ਼ੋਕ ਕੁਮਾਰ, ਤਰਸਮੇ ਯੋਧਾ, ਪਰਜੀਤ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਰਹੇ।