ਪੱਤਰ ਪ੍ਰੇਰਕ
ਭਵਾਨੀਗੜ੍ਹ, 7 ਦਸੰਬਰ
ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਲ ਪੰਜਾਬ ਟਰੱਕ ਅਪਰੇਟਰਜ਼ ਯੂਨੀਅਨ ਦੇ ਵਫ਼ਦ ਨੂੰ ਹਫਤੇ ਦੇ ਅੰਦਰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਦੀਆਂ ਟਰੱਕ ਯੂਨੀਅਨਾਂ ਨੂੰ ਬਹਾਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਹੇਠ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਪਿਛਲੇ ਮਹੀਨੇ ਯੂਨੀਅਨਾਂ ਬਹਾਲ ਕਰਨ ਸਬੰਧੀ ਮਿਲਿਆ। ਮੀਟਿੰਗ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਟਰੱਕ ਯੂਨੀਅਨਾਂ ਨਾਲ ਦੇਸ਼ ਅਤੇ ਸੂਬੇ ਵਿੱਚ ਲੱਖਾਂ ਲੋਕਾਂ ਦੇ ਰੁਜ਼ਗਾਰ ਜੁੜੇ ਹੋਏ ਹਨ ਅਤੇ ਇਹ ਯੂਨੀਅਨਾਂ ਦੇਸ਼ ਦੀ ਆਰਥਿਕਤਾ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਟਰਾਂਸਪੋਰਟ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਕੈਬਨਿਟ ਦੀ ਮੀਟਿੰਗ ਵਿੱਚ ਟਰੱਕ ਯੂਨੀਅਨਾਂ ਨੂੰ ਤਕਨੀਕੀ ਰੂਪ ਵਿੱਚ ਬਹਾਲ ਕਰ ਦਿੱਤਾ ਜਾਵੇਗਾ। ਵਫ਼ਦ ਵੱਲੋਂ ਸ੍ਰੀ ਵੜਿੰਗ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਿੰਦਰ ਨੀਟਾ, ਮੁਖਤਿਆਰ ਸਿੰਘ, ਮੱਖਣ ਲਾਲ, ਨਿੱਪੀ ਪ੍ਰਧਾਨ ਆਦਿ ਨੁਮਾਇੰਦੇ ਵੀ ਹਾਜ਼ਰ ਸਨ।