ਪੱਤਰ ਪ੍ਰੇਰਕ
ਸ਼ੇਰਪੁਰ, 31 ਮਈ
ਕਿਰਤੀ ਕਿਸਾਨ ਯੂਨੀਅਨ ਨੇ ਦਾਅਵਾ ਕੀਤਾ ਕਿ 66 ਕੇਵੀ ਗਰਿੱਡ ਘਨੌਰੀ ਕਲਾਂ ਤੋਂ ਓਵਰਲੋਡ ਚਲਦੇ ਖੇਤੀਵਾੜੀ ਫੀਡਰ ਘਨੌਰੀ ਏਪੀ ਨੂੰ ਅੰਡਰਲੋਡ ਕਰਨ ਲਈ ਭਾਵੇਂ ਕਈ ਮਹੀਨਿਆਂ ਤੋਂ ਸਾਮਾਨ ਵੀ ਆ ਚੁੱਕਿਆ ਹੈ, ਪਰ ਝੋਨੇ ਦਾ ਸੀਜ਼ਨ ਸਿਰ ਦੇ ਹੋਣ ਦੇ ਬਾਵਜੂਦ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਅਤੇ ਬਲਾਕ ਆਗੂ ਗੁਰਚਰਨ ਸਿੰਘ ਜਹਾਂਗੀਰ ਨੇ ਦੱਸਿਆ ਕਿ ਘਨੌਰੀ ਏਪੀ ਫੀਡਰ ਨਾਲ ਸਬੰਧਤ ਕਈ ਕਿਸਾਨਾਂ ਨੇ ਜਥੇਬੰਦੀ ਤੱਕ ਪਹੁੰਚ ਲਾਈਨ ਕੱਢਣ ’ਚ ਦੇਰੀ ਦਾ ਮਾਮਲਾ ਸਾਹਮਣੇ ਲਿਆਂਦਾ ਹੈ। ਆਗੂਆਂ ਨੇ ਕਾਫ਼ੀ ਸਮਾਂ ਪਹਿਲਾਂ ਸਾਮਾਨ ਆਉਦ ਦੇ ਬਾਵਜੂਦ ਲਾਈਨ ਕੱਢੇ ਜਾਣ ’ਚ ਦੇਰੀ ਦੇ ਮਾਮਲੇ ਦੀ ਉਚ-ਪੱਧਰੀ ਜਾਂਚ ਦੀ ਮੰਗ ਕਰਦਿਆਂ ਵਿਭਾਗ ਨੂੰ 5 ਜੂਨ ਤੱਕ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਲਾਈਨ ਦਾ ਕੰਮ ਸ਼ੁਰੂ ਨਾ ਹੋਣ ’ਤੇ ਪੱਕੇ ਧਰਨੇ ’ਤੇ ਬੈਠਣ ਦੀ ਚਿਤਾਵਨੀ ਦਿੱਤੀ।