ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ,15 ਸਤੰਬਰ
ਸਥਾਨਕ ਗੁਰੂਦੁਆਰਾ ਸੱਚਖੰਡ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇੱਕ ਅਹਿਮ ਬੈਠਕ ਹੋਈ। ਜ਼ਿਲ੍ਹਾ ਪੱਧਰੀ ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਆਗੂ ਜਨਕ ਸਿੰਘ ਭੁਟਾਲ ਕਲਾਂ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਵਿਚ ਚੰਡੀਗੜ੍ਹ ਦੇ ਮੋਰਚੇ ਦੀ ਸਮੀਖਿਆ ਕਰਨ ਉਪਰੰਤ ਖੇਤੀ ਨੀਤੀ ’ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਤੱਕ ਜਿੰਨੀਆ ਵੀ ਖੇਤੀਬਾੜੀ ਨੀਤੀ ਬਣਾਈਆਂ ਗਈਆਂ, ਉਹ ਸਭ ਵਿਦੇਸ਼ਾਂ ਵਿੱਚ ਬੈਠ ਕੇ ਬਣਾਈਆਂ ਗਈਆਂ ਜੋ ਹਮੇਸ਼ਾ ਹੀ ਕਾਰਪੋਰੇਟ ਦਾ ਪੱਖ ਪੂਰਦੀਆ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਖੇਤੀਬਾੜੀ ਨੀਤੀ ਜੇਕਰ ਕਿਸਾਨ ਮਜ਼ਦੂਰ ਪੱਖੀ ਨਾਂ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ ਵਿੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਕਿਸਾਨ ਹੁਣ ਤੋਂ ਹੀ ਡੀਏਪੀ ਖਾਦ ਦੀ ਕਿੱਲਤ ਨਾਲ ਜੂਝ ਰਹੇ ਹਨ ਜੇਕਰ ਸਰਕਾਰ ਵਲੋਂ ਇਸ ਦੇ ਪੁਖਤਾ ਪ੍ਰਬੰਧ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸੁਖਪਾਲ ਸਿੰਘ ਮਾਣਕ ਕਣਕਵਾਲ ਭੰਗੂਆਂ, ਪਾਲ ਸਿੰਘ ਦੋਲਾ ਸਿੰਘ ਵਾਲਾ, ਮਨੀ ਸਿੰਘ ਭੈਣੀ, ਕਰਨੈਲ ਸਿੰਘ ਗਨੋਟਾ, ਸੂਬਾ ਸਿੰਘ ਸੰਗਤਪੁਰਾ, ਬਿੰਦਰ ਸਿੰਘ ਖੋਖਰ, ਰਿੰਕੂ ਮੂਨਕ, ਰੋਸ਼ਨ ਸਿੰਘ ਮੂਣਕ, ਬੰਟੀ ਢੀਂਡਸਾ, ਰਣਜੀਤ ਸਿੰਘ ਲੌਂਗੋਵਾਲ, ਕਰਮਜੀਤ ਸਿੰਘ ਮੰਗਵਾਲ, ਮਨਜੀਤ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਹਰਜੀਤ ਸਿੰਘ ਮਹਿਲਾਂ ਚੌਕ, ਬਾਬੂ ਸਿੰਘ ਮੂਲੋਵਾਲ, ਹਰਪਾਲ ਸਿੰਘ ਪੇਧਨੀ, ਭਰਪੂਰ ਸਿੰਘ ਮੌੜਾਂ, ਸਿਮਰ ਸਿੰਘ ਨਿਹਾਲਗੜ੍ਹ ਅਤੇ ਜੋਗਿੰਦਰ ਸਿੰਘ ਮੌਜੂਦ ਸਨ।