ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਸਤੰਬਰ
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸੈਂਕੜੇ ਕਾਮਿਆਂ ਵਲੋਂ ਅੱਜ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਲਾਲ ਬੱਤੀ ਚੌਕ ਵਿਚ ਆਵਾਜਾਈ ਠੱਪ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਵਲੋਂ ਭਲਕੇ 17 ਸਤੰਬਰ ਤੋਂ ਜ਼ਿਲ੍ਹੇ ਭਰ ਵਿਚ ਸੀਵਰੇਜ ਕਾਮਿਆਂ ਵਲੋਂ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਫ਼ਿਰ ਵੀ ਮੰਗਾਂ ਦਾ ਹੱਲ ਨਾ ਹੋਇਆ ਤਾਂ 21 ਸਤੰਬਰ ਤੋਂ ਜ਼ਿਲ੍ਹੇ ਭਰ ਵਿਚ ਸਮੁੱਚੀਆਂ ਵਾਟਰ ਸਪਲਾਈ ਸਕੀਮਾਂ ਬੰਦ ਕੀਤੀਆਂ ਜਾਣਗੀਆਂ ਜਿਸ ਲਈ ਸਬੰਧਤ ਕੰਪਨੀ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ।
ਅੱਜ ਸੀਵਰੇਜ ਬੋਰਡ ਦੇ ਕਾਮੇ ਸੀਵਰੇਜ ਬੋਰਡ ਦੇ ਮੰਡਲ ਦਫ਼ਤਰ ਅੱਗੇ ਇਕੱਠੇ ਹੋਏ ਜਿਥੋਂ ਰੋਸ ਮਾਰਚ ਸ਼ੁਰੂ ਕਰਦਿਆਂ ਸੁਨਾਮੀ ਗੇਟ ਬਜ਼ਾਰ ਹੁੰਦਿਆਂ ਸ਼ਹਿਰ ਦੇ ਵੱਡੇ ਚੌਕ ਵਿਚ ਰੋਸ ਧਰਨਾ ਦਿੱਤਾ। ਇਸ ਉਪਰੰਤ ਲਾਲ ਬੱਤੀ ਚੌਕ ਪੁੱਜ ਕੇ ਆਵਾਜਾਈ ਠੱਪ ਕਰਨ ਤੋਂ ਬਾਅਦ ਡੀਸੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਕੋ-ਕਨਵੀਨਰ ਮੇਲਾ ਸਿੰਘ ਪੁੰਨਾਂਵਾਲ, ਕਨਵੀਨਰਾਂ ਚਮਕੌਰ ਸਿੰਘ ਅਤੇ ਸ਼ੇਰ ਸਿੰਘ ਖੰਨਾ ਨੇ ਕਿਹਾ ਕਿ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਿਚ ਕਾਫ਼ੀ ਸ਼ਹਿਰਾਂ ਵਿਚ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੀ ਦੇਖ ਭਾਲ ਦਾ ਕੰਮ ਕੰਪਨੀਆਂ, ਏਜੰਸੀਆਂ ਅਤੇ ਸੁਸਾਇਟੀਆਂ ਰਾਹੀਂ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਵਿਚ ਆਊਟਸੋਰਸਿੰਗ ਕਰਮਚਾਰੀ ਜਿੰਨ੍ਹਾਂ ਵਿਚ ਮੁੱਖ ਤੌਰ ’ਤੇ ਸੀਵਰਮੈਨ, ਫ਼ਿਟਰ, ਫ਼ਿਟਰ ਕੁਲੀ, ਬੇਲਦਾਰ, ਪੰਪ ਅਪਰੇਟਰ ਆਦਿ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਠੀਕ ਸਮੇਂ ’ਤੇ ਈਪੀਐਫ਼ ਜਮ੍ਹਾਂ ਨਹੀਂ ਕਰਵਾਇਆ ਜਾਂਦਾ। ਈ.ਐਸ.ਆਈ. ਕਾਰਡ ਅਪਡੇਟ ਨਹੀਂ ਕੀਤੇ ਜਾ ਰਹੇ। ਕਰੋਨਾ ਕਾਲ ਦੌਰਾਨ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਗਰੈਚੂਟੀ ਆਦਿ ਨਹੀਂ ਦਿੱਤੀ ਗਈ। 1-3-2020 ਤੋਂ ਘੱਟੋ ਘੱਟ ਉਜਰਤ ਦੇ ਵਾਧੇ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਜੋ ਕਿ 21 ਮਹੀਨਿਆਂ ਦਾ ਬਣਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਭਲਕੇ 17 ਸਤੰਬਰ ਤੋਂ ਜ਼ਿਲ੍ਹਾ ਭਰ ਵਿਚ ਸੀਵਰੇਜ ਕਾਮੇ ਸਮੁੱਚਾ ਕੰਮਕਾਜ ਠੱਪ ਕਰਕੇ ਹੜਤਾਲ ’ਤੇ ਚਲੇ ਜਾਣਗੇ, ਖਨੌਰੀ, ਲਹਿਰਾ ਅਤੇ ਮੂਨਕ ਸੀਵਰੇਜ ਟ੍ਰੀਟਮੈਂਟ ਪਲਾਂਟ ’ਚ ਕੰਮਕਾਜ ਠੱਪ ਰੱਖਿਆ ਜਾਵੇਗਾ। ਜੇਕਰ ਫ਼ਿਰ ਵੀ ਮੰਗਾਂ ਦਾ ਹੱਲ ਨਾ ਹੋਇਆ ਤਾਂ 21 ਸਤੰਬਰ ਤੋਂ ਜ਼ਿਲ੍ਹੇ ਦੀਆਂ ਸਮੁੱਚੀਆਂ ਵਾਟਰ ਸਪਲਾਈ ਸਕੀਮਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਸੀਤਾ ਰਾਮ ਸ਼ਰਮਾ, ਸੰਜੂ ਕੁਮਾਰ ਧੂਰੀ, ਨਿੱਕਾ ਸਿੰਘ ਬੇਨੜਾ, ਗੁਰਵਿੰਦਰ ਲਹਿਰਾ, ਮਨੂੰ ਖਨੌਰੀ, ਪ੍ਰਦੀਪ ਢੀਗਰਾ, ਬਲਵਿੰਦਰ ਪਾਤੜਾਂ, ਕਰਮ ਚੰਦ ਸ਼ਰਮਾ ਦਿੜਬਾ ਆਦਿ ਵੀ ਸ਼ਾਮਲ ਸਨ।