ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 24 ਦਸੰਬਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵੱਲੋਂ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਸਾਹਮਣੇ ਚੱਲ ਰਹੇ ਲਗਾਤਾਰ ਮੋਰਚੇ ਦੇ 8ਵੇਂ ਦਿਨ ਤੇ ਭੁੱਖ ਹੜਤਾਲ ਦੇ ਤੀਜੇ ਦਿਨ ਕਾਮਿਆਂ ਨੇ ਕੂਕਿਆਂ ਵਾਲੇ ਕੱਲਰ ਤੋਂ ਮੰਤਰੀ ਦੀ ਰਿਹਾਇਸ਼ ਤੱਕ ਸੁਖਵਿੰਦਰ ਸਿੰਘ ਖਰਲ ਅਤੇ ਜਸਵੀਰ ਸਿੰਘ ਸ਼ੀਰਾ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ। ਭੁੱਖ ਹੜਤਾਲ ਦੇ ਤੀਜੇ ਦਿਨ ਮਨਜੀਤ ਸਿੰਘ ਸਮਾਣਾ, ਕੇਸਰ ਸਿੰਘ ਗੁੱਜਰਹੇੜੀ, ਜਗਤਾਰ ਸਿੰਘ ਸੁੱਧੇਵਾਲ, ਜਗਦੀਪ ਸਿੰਘ ਹੱਲਾ, ਜਗਤਾਰ ਸਿੰਘ ਭੀਲੋਵਾਲ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਸਰਦੀਪ ਸਿੰਘ ਸਮਾਣਾ ਅਤੇ ਦਵਿੰਦਰ ਸਿੰਘ ਨਾਭਾ ਨੇ ਕਿਹਾ ਕਿ ਲੰਮਾ ਵਿਭਾਗ ਵਿੱਚ ਇੱਕ ਇਨਲਿਸਟਮੈਂਟ ਪਾਲਿਸੀ ਅਧੀਨ ਕੰਮ ਕਰ ਰਹੇ ਵਰਕਰਾਂ ਦਾ ਵਿਭਾਗ ਵੱਲੋਂ ਸੋਸ਼ਣ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਪਾਰਟੀ ਵੱਲੋਂ ਜੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਗਏ ਸਨ ਉਹ ਵਾਅਦੇ ਵਫ਼ਾ ਨਹੀਂ ਹੋਏ। ਪੰਜਾਬ ਸਰਕਾਰ ਡੰਗ ਟਪਾਊ ਤਹਿਤ ਕੰਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਰਕਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਪਟਿਆਲਾ ਜ਼ਿਲ੍ਹਾ ਨਾਲ ਸਬੰਧਤ ਕਾਮਿਆਂ ਨੇ ਕਾਲੇ ਝੰਡੇ ਤੇ ਬੈਨਰ ਲੈ ਕੇ ਖਾਲੀ ਭਾਂਡੇ ਖੜਕਾਅ ਕੇ ਬਾਜ਼ਾਰਾਂ ਵਿੱਚ ਜਲ ਸਪਲਾਈ ਮੰਤਰੀ ਨੂੰ ਜਗਾਉਣ ਦਾ ਹੋਕਾ ਦਿੱਤਾ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਭਰਾਤਰੀ ਜਥੇਬੰਦੀ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੁਮਾਜਰਾ, ਸੂਬਾ ਜਨਰਲ ਸਕੱਤਰ ਮੱਖਣ ਸਿੰਘ ਬਹਿਦਪੂਰੀ, ਜਸਵੀਰ ਸਿੰਘ ਖੋਖਰ ਜ਼ਿਲ੍ਹਾ ਪ੍ਰਧਾਨ ਪਟਿਆਲਾ, ਸੁਖਦੇਵ ਸਿੰਘ ਚੰਗਲੀਵਾਲਾ, ਪ੍ਰੇਮ ਸਿੰਘ ਪ੍ਰਧਾਨ ਮਾਲੇਰਕੋਟਲਾ, ਅਨਿਲ ਕੁਮਾਰ ਪ੍ਰਧਾਨ ਬਰਨਾਲਾ ਨੇ ਸ਼ਮੂਲੀਅਤ ਕਰ ਕੇ ਲਗਾਤਾਰ ਮੋਰਚੇ ਨੂੰ ਡਟਵੀਂ ਹਮਾਇਤ ਦਿੱਤੀ। ਇਸ ਮੌਕੇ ਬਲਜਿੰਦਰ ਸਿੰਘ ਸਮਾਣਾ, ਜਤਿੰਦਰਪਾਲ ਸਿੰਘ ਤੂੰਗਾਂ, ਗੁਰਮੀਤ ਸਿੰਘ ਮੱਲੇਵਾਲ, ਸੁਖਜਿੰਦਰ ਸਿੰਘ ਸਮਾਣਾ ਨੇ ਵੀ ਮੋਰਚੇ ਨੂੰ ਸੰਬੋਧਨ ਕੀਤਾ।