ਪੱਤਰ ਪੇ੍ਰਕ
ਲਹਿਰਾਗਾਗਾ, 13 ਜੂਨ
ਇਥੇ ਲੋਕ ਚੇਤਨਾ ਮੰਚ ਲਹਿਰਾਗਾਗਾ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਨਹਿਰ ਦੇ ਪੁਲ ’ਤੇ ਮੀਂਹ ਤੇ ਝੱਖੜ ਦੌਰਾਨ ਹਫ਼ਤਾਵਾਰੀ ਪ੍ਰਦਰਸ਼ਨ ਕੀਤਾ ਗਿਆ। ਮੰਚ ਦੇ ਮੈਂਬਰਾਂ ਨੇ ਹੱਥਾਂ ਵਿੱਚ ਕਿਸਾਨਾਂ ਦੇ ਹੱਕ ਵਿਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿਚ ਤਖ਼ਤੀਆਂ ਤੇ ਬੈਨਰ ਫੜੇ ਹੋਏ ਸਨ ਅਤੇ ਉਹ ਆਉਂਦੇ-ਜਾਂਦੇ ਰਾਹੀਆਂ ਦਾ ਧਿਆਨ ਦਿੱਲੀ ਦੀਆਂ ਬਰੂਹਾਂ ’ਤੇ ਲੜੇ ਜਾ ਰਹੇ ਇਤਿਹਾਸਕ ਕਿਸਾਨੀ ਸੰਘਰਸ਼ ਵੱਲ ਖਿੱਚ ਰਹੇ ਸਨ। ਮੰਚ ਦੇ ਸਕੱਤਰ ਹਰਭਗਵਾਨ ਗੁਰਨੇ ਅਤੇ ਜਗਦੀਸ਼ ਪਾਪੜਾ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਦਾ ਮਕਸਦ ਲੋਕਾਂ ਨੂੰ ਜਾਗ੍ਰਿਤ ਕਰ ਕੇ ਕਿਸਾਨੀ ਸੰਘਰਸ਼ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੋਦੀ ਸਰਕਾਰ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਨਾਂ ਚਿਰ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਤੇ ਫਿਰਕੂ-ਫ਼ਾਸ਼ੀ ਸਰਕਾਰ ਹੈ। ਉਸ ਨੇ ਹਰੇਕ ਵਰਗ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ। ਇਸੇ ਤਹਿਤ ਸੈਂਕੜੇ ਬੁੱਧੀਜੀਵੀਆਂ ਨੂੰ ਬਿਨਾਂ ਕਿਸੇ ਕਸੂਰ ਤੋਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁਨਾਂ ਦੀ ਰਿਹਾਈ ਦੀ ਮੰਗ ਕਰਦੇ ਪੋਸਟਰ ਵੀ ਹੱਥਾਂ ’ਚ ਫੜੇ ਹੋਏ ਸਨ। ਇਸ ਮੌਕੇ ਗੁਰਚਰਨ ਸਿੰਘ ਕੈਸ਼ੀਅਰ, ਰਘਬੀਰ ਭੁਟਾਲ, ਸੁਖਦੇਵ ਚੰਗਾਲੀਵਾਲਾ, ਜਸਵਿੰਦਰ ਗਾਗਾ, ਭੀਮ ਸਿੰਘ, ਬਰਿੰਦਰ ਸਿੰਘ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਵਿੱਚ ਐਮਰਜੈਂਸੀ ਤੋਂ ਵੀ ਬਦਤਰ ਹਾਲਾਤ ਬਣਾ ਰੱਖੇ ਹਨ ਜਿਨ੍ਹਾਂ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ। ਸੰਯੁਕਤ ਕਿਸਾਨ ਮੋਰਚਾ ਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ 26 ਜੂਨ ਨੂੰ ਦੇਸ਼ ਭਰ ਵਿੱਚ ਐਮਰਜੈਂਸੀ ਵਿਰੋਧੀ ਦਿਨ ਮਨਾਉਣਗੀਆਂ।
ਕਿਸਾਨਾਂ ਦਾ ਧਰਨਾ 255ਵੇਂ ਦਿਨ ਵੀ ਜਾਰੀ
ਧੂਰੀ (ਨਿੱਜੀ ਪੱਤਰ ਪੇ੍ਰਕ): ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਨੂੰ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਡਾ ਟੌਲ ਪਲਾਜ਼ਾ ਕੋਲ ਲੱਗਾ ਧਰਨਾ ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਦੀ ਅਗਵਾਈ ਵਿੱਚ 255ਵੇਂ ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਨੂੰ ਮਹਿੰਗਾਈ ਦੇ ਦੌਰ ’ਚ ਝੋਕ ਦਿੱਤਾ ਹੈ ਤੇ ਕਿਸਾਨਾਂ ਦੇ ਹੱਕ ਮਾਰੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਦਾ ਭਾਜਪਾ ਤੋਂ ਮੋਹ ਭੰਗ ਹੋ ਰਿਹਾ ਹੈ ਇਸ ਮੌਕੇ ਗੁਰਜੀਤ ਸਿੰਘ ਲੱਡਾ,ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਜਸਪਾਲ ਸਿੰਘ ਪੇਧਨੀ, ਗੁਰਜੰਟ ਸਿੰਘ, ਰਾਮ ਸਿੰਘ ਕੱਕੜਵਾਲ,ਗੁਰੀ ਮਾਨ ਧੂਰੀ, ਹਮੀਰ ਸਿੰਘ ਬੇਨੜਾ ਆਦਿ ਸਨ।