ਬੀਰਬਲ ਰਿਸ਼ੀ
ਸ਼ੇਰਪੁਰ, 2 ਫਰਵਰੀ
ਹਲਕਾ ਧੂਰੀ ਤੋਂ ਕਾਂਗਰਸ ਦੇ ਉਮੀਦਵਾਰ ਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੂੰ ਬਲਾਕ ਸ਼ੇਰਪੁਰ ਨਾਲ ਸਬੰਧਿਤ ਪਿੰਡ ਰੂੜਗੜ੍ਹ ’ਚ ਨਵੀਂ ਪਿਰਤ ਪਾਉਂਦਿਆਂ ਬੂਟਿਆਂ ਨਾਲ ਜਦੋਂਕਿ ਕਲੇਰਾਂ ਵਿੱਚ ਮਠਿਆਈ ਅਤੇ ਪਿੰਡ ਚਾਂਗਲੀ ’ਚ ਕਿਤਾਬਾਂ ਨਾਲ ਤੋਲਿਆ ਗਿਆ। ਇਨ੍ਹਾਂ ਪਿੰਡਾਂ ਵਿੱਚ ਹੋਈਆਂ ਚੋਣ ਮੀਟਿੰਗਾਂ ਦੌਰਾਨ ਵਿਧਾਇਕ ਖੰਗੂੜਾ ਨੇ ਉਨ੍ਹਾਂ ਨੂੰ ਨੰਗੇ ਪੈਰੀ ਤੋਰਨ ਦੇ ਕੀਤੇ ਵਿਅੰਗ ਦੇ ਜਵਾਬ ਵਿਚ ਕਿਹਾ ਕਿ ਜਿੱਤ ਦੀ ਉਮੀਦ ਲੈ ਕੇ ਧੂਰੀ ਹਲਕੇ ’ਚ ਆਏ ਭਗਵੰਤ ਮਾਨ ਦੇ ਸਾਰੇ ਭੁਲੇਖੇ ਛੇਤੀ ਹੀ ਦੂਰ ਕੀਤੇ ਜਾਣਗੇ। ਵਿਧਾਇਕ ਖੰਗੂੜਾ ਨੇ ਟੌਲ ਪਲਾਜ਼ਿਆਂ ਵਿੱਚ ਪਾਏ ਹਿੱਸੇ ਸਬੰਧੀ ਸਿਆਸੀ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਗਿਆਨ ਤੋਂ ਊਣੇ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਟੌਲ ਪਲਾਜ਼ੇ ਦੇ ਸਮਾਨਅੰਤਰ ਸੜਕ ਬਣਾਏ ਜਾਣ ਕਾਰਨ ਉਨ੍ਹਾਂ ’ਤੇ ਟੌਨ ਮੈਨੇਜਮੈਂਟ ਨੇ ਪ੍ਰਤੀ ਮਹੀਨਾ 65 ਲੱਖ ਕਲੇਮ ਦਾ ਕੇਸ ਪਾਇਆ ਹੋਇਆ ਹੈ।
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੋਲਡੀ ਕਹੇਰੂ, ਸਾਬਕਾ ਚੇਅਰਮੈਨ ਅੱਛਰਾ ਭਲਵਾਨ, ਯੂਥ ਕਾਂਗਰਸੀ ਆਗੂ ਤਾਰਾ ਬੇਨੜਾ, ਹਨੀ ਤੂਰ ਅਤੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਕੱਕੜਵਾਲ ਵੀ ਹਾਜ਼ਰ ਸਨ।
‘ਲੋਕ ਵਿਕਾਸ ਦੇ ਆਧਾਰ ’ਤੇ ਵੋਟ ਪਾਉਣਗੇ’
ਧੂਰੀ (ਖੇਤਰੀ ਪ੍ਰਤੀਨਿਧ): ਕਾਂਗਰਸੀ ਉਮੀਦਵਾਰ ਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਉਹ ਹਲਕਾ ਧੂਰੀ ਦੇ ਜੰਮਪਲ ਹਨ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਰਹਿਣ ਦੀ ਬਜਾਇ ਹਲਕਾ ਧੂਰੀ ਵਿਚ ਹੀ ਵਿਚਰ ਕੇ ਲੋਕਾਂ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਲਕਾ ਧੂਰੀ ਹੀ ਉਨ੍ਹਾਂ ਪਰਿਵਾਰ ਹੈ ਅਤੇ ਬਾਹਰਲੇ ਉਮੀਦਵਾਰਾਂ ਨਾਲ ਹੋਣ ਜਾ ਰਹੇ ਮੁਕਾਬਲੇ ਵਿਚ ਜਿੱਤ ਯਕੀਨੀ ਬਣਾਉਣ ਲਈ ਉਹ ਹਲਕੇ ਦੇ ਹਰ ਪਿੰਡ ਤੇ ਸ਼ਹਿਰ ਦੇ ਹਰ ਵਾਰਡ ਵਿਚ ਜਾ ਕੇ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਵਿਕਾਸ ਕਾਰਜਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਵੋਟ ਪਾਉਣਗੇ।