ਪੱਤਰ ਪ੍ਰੇਰਕ
ਭਵਾਨੀਗੜ੍ਹ, 30 ਦਸੰਬਰ
ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ 70 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਦੇਰ ਰਾਤ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਪੁੱਜਿਆ। ਇਸ ਮੌਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਲਈ ਮੋਹਰਾਂ ਖੜ੍ਹੀਆਂ ਕਰਕੇ ਜ਼ਮੀਨ ਖ਼ਰੀਦਣ ਵਾਲੇ ਦੀਵਾਨ ਟੋਡਰ ਮੱਲ ਜੀ ਸਾਹਿਬਜ਼ਾਦਿਆਂ ਦੇ ਸਸਕਾਰ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਆਲੋਅਰਖ ਵਿਖੇ ਆਪਣੀ ਜ਼ਮੀਨ ਲੈ ਕੇ ਆਏ ਸਨ ਜਿਥੇ ਹੁਣ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਬਣਿਆ ਹੋਇਆ ਹੈ।
ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਭਾਦਸੋਂ, ਨਾਭਾ ਤੋਂ ਬਾਅਦ ਭਵਾਨੀਗੜ੍ਹ ਬਲਾਕ ਦੇ ਪਿੰਡਾਂ ਮਾਝੀ, ਬਖਤੜੀ, ਬਖੋਪੀਰ, ਦਿਆਲਪੁਪਰਾ, ਦੀਵਾਨ ਟੋਡਰ ਮੱਲ ਗੁਰਦੁਆਰਾ ਸਾਹਿਬ ਕਾਕੜਾ, ਭਵਾਨੀਗੜ੍ਹ, ਬਾਲਦ ਕੋਠੀ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਬੀਤੀ ਅੱਧੀ ਰਾਤ ਆ ਕੇ ਸਮਾਪਤ ਹੋਇਆ।