ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਮਈ
ਇੱਥੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰੰਗ ਐਂਡ ਟੈਕਨੋਲੋਜੀ ਲਹਿਰਾਗਾਗਾ ਦੇ ਕਰਮਚਾਰੀਆਂ ਵੱਲੋਂ ਅੱਜ ਛੇਵੇਂ ਦਿਨ ਵੀ ਐੱਸਡੀਐੱਮ ਦਫਤਰ ਅੱਗੇ ਧਰਨਾ ਜਾਰੀ ਰੱਖਿਆ ਗਿਆ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਸ ’ਤੇ ਪਿਛਲੇ ਦਿਨੀਂ ਤਨਖਾਹ ਨਾ ਮਿਲਣ ਕਾਰਨ ਕੀਤੀ ਗਈ ਕਲਰਕ ਦੀ ਖੁਦਕੁਸ਼ੀ ਦਾ ਵੀ ਕੋਈ ਅਸਰ ਨਹੀਂ ਹੋਇਆ। ਇਸ ਮੌਕੇ ਮੁਲਾਜ਼ਮਾਂ ਨੇ ‘ਵਾਹ ਨਹੀਂ ਸਰਕਾਰੇ ਫੇਰ ਲਾਰੇ ਤੇ ਮੁਲਾਜ਼ਮ ਭੁੱਖੇ ਮਾਰੇ’ ਨਾਅਰੇ ਨੂੰ ਬਲੰਦ ਕੀਤਾ।
ਅੱਜ ਧਰਨੇ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ, ਜੁਆਇੰਟ ਐਕਸ਼ਨ ਕਮੇਟੀ ਦੇ ਬੁਲਾਰੇ ਰਾਜ ਕੁਮਾਰ, ਬਿਕਰਮ ਗੋਇਲ, ਯਸ਼ਿਵੰਦਰ ਪਾਲ ਸਿੰਘ ਆਦਿ ਨੇ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਆਪਣੀਆਂ ਮੁੱਢਲੀਆਂ ਮੰਗਾਂ ਹੱਲ ਕਰਨ ਅਤੇ 36 ਮਹੀਨਿਆਂ ਦੀ ਤਨਖਾਹ ਜਾਰੀ ਕਰਨ ਬਾਰੇ ਸਰਕਾਰ ਦੇ ਕੀਤੇ ਵਾਅਦਿਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜਥੇਬੰਦੀ ਨਾਲ ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਦੀ ਮੀਟਿੰਗ ਹੋਈ ਸੀ ਪਰ ਛੇ ਦਿਨ ਲੰਘਣ ਦੇ ਬਾਵਜੂਦ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਸੰਘਰਸ਼ਸ਼ੀਲ ਮੁਲਾਜ਼ਮਾਂ ਦੇ ਸਬਰ ਦਾ ਇਮਿਤਾਨ ਨਾ ਲਵੇ ਅਤੇ ਆਪਣੇ ਕੀਤੇ ਵਾਅਦੇ ਪੂਰੇ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਸੰਸਥਾ ਦਾ ਸਥਾਈ ਹੱਲ ਕਰਕੇ ਨਵੇਂ ਦਾਖਲੇ ਸ਼ੁਰੂ ਨਾ ਕੀਤੇ, ਕਰਮਚਾਰੀਆਂ ਦੀਆਂ 36 ਮਹੀਨੇ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ, 30 ਮਾਰਚ ਨੂੰ ਤਨਖਾਹ ਨਾ ਮਿਲਣ ਕਰਕੇ ਖੁਦਕਸ਼ੀ ਕਰਨ ਵਾਲੇ ਕਲਰਕ ਦਵਿੰਦਰ ਸਿੰਘ ਦੀ ਧਰਮ ਪਤਨੀ ਦੇ ਨੌਕਰੀ ਬਾਰੇ ਹੱਲ ਨਾ ਕੀਤਾ ਤਾਂ ਧਰਨੇ ’ਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਜਿਸ ਲਈ ਪ੍ਰਸ਼ਾਸਨ ਜਿੰਮੇਂਵਾਰ ਹੋਵੇਗਾ।