ਬੀਰਬਲ ਰਿਸ਼ੀ
ਸ਼ੇਰਪੁਰ, 21 ਸਤੰਬਰ
‘ਚਿੱਟੇ ਦੇ ‘ਕਾਲੇ ਧੰਦੇ’ ’ਚ ਬਦਨਾਮ ਹੋਏ ਕਸਬਾ ਸ਼ੇਰਪੁਰ ਦਾ ਦਾਗ ਧੋਣ ਲਈ ਹੁਣ ਬਲਾਕ ਪੰਚਾਇਤ ਯੂਨੀਅਨ ਨੇ ਬਲਾਕ ਪ੍ਰਧਾਨ ਸਰਪੰਚ ਅਮਨਦੀਪ ਸਿੰਘ ਕਲੇਰਾਂ ਦੀ ਅਗਵਾਈ ਹੇਠ ਐੱਸਐੱਚਓ ਸ਼ੇਰਪੁਰ ਬਲਵੰਤ ਸਿੰਘ ਨੂੰ ਮੰਗ ਪੱਤਰ ਦੇ ਕੇ ਚਿੱਟੇ ਦੇ ਕਾਰੋਬਾਰ ਨੂੰ ਠੱਲ੍ਹ ਪਾਏ ਜਾਣ ਦੀ ਮੰਗ ਉਠਾਈ। ਯਾਦ ਰਹੇ ਕਿ ਇਸਤੋਂ ਪਹਿਲਾਂ ਫਤਿਹਗੜ੍ਹ ਪੰਜਗਰਾਈਆਂ ਦੀ ਪੰਚਾਇਤ ਵੱਲੋਂ ਸ਼ੇਰਪੁਰ ’ਚੋਂ ਚਿੱਟਾ ਵਿਕਣ ਦਾ ਪਰਦਾਫ਼ਾਸ਼ ਕੀਤਾ ਸੀ ਜਿਸ ਮਗਰੋਂ ਹੋਏ ਧਰਨੇ ਮੁਜ਼ਾਹਰਿਆਂ ਨੇ ਇਲਾਕੇ ਦੇ ਲੋਕਾਂ ਦਾ ਧਿਆਨ ਵਧ ਫੁੱਲ ਰਹੇ ਨਸ਼ਿਆਂ ਦੇ ਇਸ ਗੋਰਖਧੰਦੇ ਵੱਲ ਖਿੱਚਿਆ ਸੀ। ਬੀਡੀਪੀਓ ਦਫ਼ਤਰ ਸ਼ੇਰਪੁਰ ਵਿਖੇ ਬਲਾਕ ਪੰਚਾਇਤ ਯੂਨੀਅਨ ਦੀ ਮੀਟਿੰਗ ਵਿੱਚ ਸ਼ਾਮਲ ਐਡਵੋਕੇਟ ਅਮਨਦੀਪ ਸਿੰਘ ਕਲੇਰਾਂ, ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ, ਸਰਪੰਚ ਸੁਖਦੇਵ ਸਿੰਘ ਕਾਲਾਬੂਲਾ, ਸਰਪੰਚ ਲਖਵੀਰ ਸਿੰਘ ਧੰਦੀਵਾਲ, ਸਰਪੰਚ ਭੀਲਾ ਸਿੰਘ ਘਨੌਰ ਕਲਾਂ, ਕੁਲਦੀਪ ਸਿੰਘ ਈਨਾਬਾਜਵਾ ਆਦਿ ਨੇ ਸ਼ੇਰਪੁਰ ’ਚ ਚਿੱਟੇ ਦੀ ਵਿੱਕਰੀ ਰੋਕਣ ਲਈ ਮੀਟਿੰਗ ਵਿੱਚ ਵਿਚਾਰਾਂ ਕੀਤੀਆਂ ਅਤੇ ਐੱਸਐੱਚਓ ਨੂੰ ਮੰਗ ਪੱਤਰ ਦਿੱਤਾ। ਪੰਚਾਇਤੀ ਨੁੰਮਾਇੰਦਿਆਂ ਨੇ ਨਸ਼ਾ ਵਿਕਣ ਵਾਲੀ ਬਸਤੀ ਵਿੱਚ ਹੋਰ ਕੈਮਰੇ ਲਗਾਉਣ ਅਤੇ ਇੱਕ ਮੁਲਾਜ਼ਮ ਦੀ ਥਾਂ ਹੋਰ ਮੁਲਾਜ਼ਮ ਤਾਇਨਾਤ ਕਰਨ ਦੀ ਸਲਾਹ ਵੀ ਦਿੱਤੀ।
ਐੱਸਐੱਚਓ ਬਲਵੰਤ ਸਿੰਘ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸ਼ਕਰ ਪ੍ਰਤੀ ਢਿੱਲ ਦਾ ਸੁਆਲ ਹੀ ਨਹੀਂ। ਉਧਰ ਪੰਜਗਰਾਈਆਂ ਦੇ ਸਰਪੰਚ ਗੁਰਪ੍ਰੀਤ ਸਿੰਘ ਵੱਲੋਂ ਨਸ਼ਿਆਂ ਦੀ ਵਿੱਕਰੀ ’ਤੇ ਰੋਕ ਸਬੰਧੀ ਹਫ਼ਤੇ ਦੇ ਦਿੱਤੇ ਅਲਟੀਮੇਟਮ ਦੀ ਮਿਆਦ ਖ਼ਤਮ ਹੋ ਗਈ, ਜਿਸ ਮਗਰੋਂ ਉਨ੍ਹਾਂ ਪੁਲੀਸ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟੀ ਪ੍ਰਗਟ ਕੀਤੀ ਪਰ ਅਗਲੀ ਕੋਈ ਰੂਪ ਰੇਖਾ ਨਹੀਂ ਦੱਸੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਸਾਬਕਾ ਸਰਪੰਚ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਉਹ ਪਿੰਡਾਂ ਦੇ ਲੋਕਾਂ ਦੀ ਲਾਮਬੰਦੀ ਲਈ ਇਲਾਕੇ ਦੇ 38 ਪਿੰਡਾਂ ਵਿੱਚ ਲੋਕਾਂ ਤੱਕ ਪਹੁੰਚ ਕਰਨਗੇ, ਜਿਸ ਵਿੱਚ ਪਿੰਡਾਂ ਦੇ ਸਰਪੰਚਾਂ ਨੇ ਮੀਟਿੰਗਾਂ ਲਈ ਮੱਦਦ ਦਾ ਭਰੋਸਾ ਦਿੱਤਾ ਹੈ।