ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਜੂਨ
ਇੱਥੇ ਕੱਪੜੇ ਦੇ ਦੁਕਾਨਦਾਰ ਨੇ ਅੱਜ ਦੇਰ ਸ਼ਾਮ ਆਪਣੀ ਪਤਨੀ ਅਨੀਤਾ ਰਾਣੀ (47) ਦਾ ਚਾਕੂਆਂ ਨਾਲ ਕਤਲ ਕਰ ਦਿੱਤਾ। ਲਹਿਰਾਗਾਗਾ ਪੁਲੀਸ ਨੇ ਮ੍ਰਿਤਕਾ ਦੀ ਧੀ ਪੂਜਾ ਸਿੰਗਲਾ ਦੇ ਬਿਆਨ ’ਤੇ ਧਾਰਾ 302 ਆਈਪੀਸੀ ਅਧੀਨ ਦਰਜ ਕਰਕੇ ਲਾਸ਼ ਪੋਸਟ ਮਾਟਰਮ ਲਈ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਅਗਰਵਾਲ ਭਾਈਚਾਰੇ ਨਾਲ ਸਬੰਧਿਤ ਕੇਵਲ ਕ੍ਰਿਸ਼ਨ ਪੁੱਤਰ ਜਗਨਨਾਥ ਜੋ ਸ਼ਹਿਰ ਦੇ ਵਾਰਡ ਨੰਬਰ ਇੱਕ ਵਿੱਚ ਕੱਪੜੇ ਦੀ ਦੁਕਾਨ ਕਰਦਾ ਸੀ ਅਤੇ ਕਥਿਤ ਸ਼ਰਾਬ ਪੀਣ ਦਾ ਆਦੀ ਸੀ। ਉਸ ਨੇ ਆਪਣੀ ਪਤਨੀ ਨਾਲ ਹੋਏ ਤਕਰਾਰ ਪਿੱਛੋਂ ਉਸ ’ਤੇ ਚਾਕੂਆਂ ਦੇ ਕਈ ਵਾਰ ਕੀਤੇ। ਅਨੀਤਾ ਰਾਣੀ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਕੇਵਲ ਕ੍ਰਿਸ਼ਨ ਰੋਜ਼ਾਨਾ ਕਥਿਤ ਸ਼ਰਾਬ ਪੀਣ ਦਾ ਆਦੀ ਸੀ, ਇਸ ਕਾਰਨ ਉਹ ਬਿਮਾਰ ਵੀ ਰਹਿੰਦਾ ਸੀ। ਲੇਕਿਨ ਇਸ ਦੀ ਸੇਵਾ ਇਸ ਦੀ ਪਤਨੀ ਅਨੀਤਾ ਰਾਣੀ ਹੀ ਕਰਦੀ ਰਹੀ, ਪ੍ਰੰਤੂ ਹੁਣ ਸਹੁਰਿਆਂ ਤੋਂ ਪੈਸੇ ਮੰਗਵਾਉਣ ਦੇ ਚੱਕਰ ਵਿੱਚ ਹੋਏ ਝਗੜੇ ਦੌਰਾਨ ਹੀ ਇਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਥਾਣਾ ਸਦਰ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਅਤੇ ਚੌਕੀ ਇੰਚਾਰਜ ਜਾਗਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇੰਸਪੈਕਟਰ ਦਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।