ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਸਤੰਬਰ
ਸ਼੍ਰੋਮਣੀ ਸੰਯੁਕਤ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਵੱਲੋਂ ਐਲਾਨੇ ਉਮੀਦਵਾਰਾਂ ’ਚੋਂ ਦੋ ਤਿੰਨ ਨੂੰ ਛੱਡ ਬਹੁਤੇ ਜਿੱਤਣ ਵਾਲੇ ਨਹੀਂ ਹਨ ਕਿਉਂਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਗਲਤ ਸੋਚ ਕਰਕੇ ਪੰਜਾਬ ’ਚ ਹਾਸ਼ੀਏ ’ਤੇ ਪਹੁੰਚ ਚੁੱਕਾ ਹੈ। ਇਥੇ ਸਮਾਜਿਕ ਸਮਾਰੋਹਾਂ ’ਚ ਸ਼ਾਮਲ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਆਪਸ ’ਚ ਰਲੇ ਹੋਣ ਕਰਕੇ ਲੋਕਾਂ ਨੂੰ ਬਹਬਿਲ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦੇਣ ਦੀ ਉਮੀਦ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਰੁਜ਼ਗਾਰ ਮੇਲਿਆਂ ਨੂੰ ਮਹਿਜ਼ ਅੱਖਾਂ ਪੂੰਝਣ ਤੇ ਡਰਾਮੇਬਾਜ਼ੀ ਦੱਸਿਆ ਕਿ ਸਰਕਾਰ ਨੂੰ ਬੇਰੁਜ਼ਗਾਰਾਂ ਨੂੰ ਇੱਜ਼ਤ ਵਾਲੀ ਨੌਕਰੀ ਦੇਣੀ ਚਾਹੀਦੀ ਹੈ। ਉਨ੍ਹਾਂ ਬੀਬੀ ਭੱਠਲ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਭੱਠਲ 25 ਸਾਲ ਵਿਧਾਇਕ ਤੇ ਮੰਤਰੀ ਰਹਿਣ ਦੇ ਬਾਵਜੂਦ ਇਲਾਕੇ ਦਾ ਕੋਈ ਕੰਮ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਕਰਕੇ ਦਬਾਅ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਮੋਦੀ ਸਰਕਾਰ ਨੂੰ ਇੱਕ ਦੋ ਮਹੀਨੇ ’ਚ ਹਰ ਹੀਲੇ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣੇ ਪੈਣਗੇ ਨਹੀਂ ਭਾਜਪਾ ਦਾ ਆ ਰਹੀਆਂ ਚੋਣਾਂ ’ਚ ਪੂਰਨ ਸਫਾਇਆ ਹੋ ਜਾਵੇਗਾ।