ਐੱਸ.ਐੱਸ. ਸੱਤੀ
ਮਸਤੂਆਣਾ ਸਾਹਿਬ, 20 ਜੂਨ
ਨੇੜਲੇ ਪਿੰਡ ਬਡਰੁੱਖਾਂ ਵਿਖੇ ਬਿਜਲੀ ਬੋਰਡ ਦੇ ਮੁਲਾਜ਼ਮ ਦੀ ਮੌਤ ਉਪਰੰਤ ਉਸ ਦੇ ਵੱਡੇ ਲੜਕੇ ਵੱਲੋਂ ਪਿਤਾ ਦੇ ਖਾਤੇ ਵਿਚੋਂ ਜਾਅਲੀ ਦਸਤਖ਼ਤ ਕਰਕੇ ਚੈੱਕਾਂ ਰਾਹੀਂ ਰਿਟਾਇਰਮੈਂਟ ਦੇ ਲੱਖਾਂ ਰੁਪਏ ਆਪਣੇ ਦੋਸਤਾਂ ਅਤੇ ਬੈਂਕ ਦੇ ਮੁਲਾਜ਼ਮ ਨਾਲ ਮਿਲਕੇ ਕਢਵਾ ਲਏ। ਜਾਣਕਾਰੀ ਅਨੁਸਾਰ ਮ੍ਰਿਤਕ ਦਾਤਾ ਰਾਮ ਦੀ ਪਤਨੀ ਰਾਜ ਕੌਰ ਅਤੇ ਸਪੁੱਤਰ ਗੁਰਮਤ ਸਿੰਘ ਵਾਸੀ ਬਡਰੁੱਖਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਦਾਤਾ ਰਾਮ ਦੀ ਮੌਤ ਤੋਂ ਬਾਅਦ ਮਹਿਕਮੇ ਵਲੋਂ ਖਾਤੇ ਵਿੱਚ ਜਮ੍ਹਾਂ ਕਰਵਾਏ 9,21,000 ਰੁਪਏ ਵਿਚੋਂ ਵੱਡੇ ਲੜਕੇ ਇੰਦਰਜੀਤ ਸਿੰਘ ਨੇ ਦਾਤਾ ਰਾਮ ਦੀ ਚੈੱਕ ਬੁੱਕ ਚੋਰੀ ਕਰਕੇ ਬੈਂਕ ਮੁਲਾਜ਼ਮ ਦੀ ਕਥਿਤ ਤੌਰ ’ਤੇ ਮਿਲੀਭੁਗਤ ਨਾਲ ਆਪਣੀ ਪਤਨੀ ਅਤੇ ਦੋਸਤ ਰਾਹੀਂ ਜਾਅਲੀ ਦਸਤਖ਼ਤ ਕਰਕੇ ਪੈਸੇ ਕਢਵਾ ਲਏ। ਇਸ ਤੋਂ ਇਲਾਵਾ ਉਸ ਨੇ 7,21,700 ਰੁਪਏ ਡਰਾਫਟ ਬਣਵਾ ਕੇ ਕਢਵਾ ਲਏ ਅਤੇ ਆਪਣੇ ਦੋਸਤਾਂ ਨਾਲ ਸਕੀਮ ਬਣਾ ਕੇ ਦਾਤਾ ਰਾਮ ਦੇ ਚੈੱਕਾਂ ਦੀ ਦੁਰਵਰਤੋਂ ਕਰਕੇ ਇੱਕੀ ਲੱਖ ਰੁਪਏ ਦੇ ਅਲੱਗ ਅਲੱਗ ਚੈੱਕਾਂ ਦੇ ਬਾਊਸ ਹੋਣ ਸਬੰਧੀ ਨੋਟਿਸ ਮਰਹੂਮ ਦਾਤਾ ਰਾਮ ਦੇ ਸਮੇਤ ਸਾਰੇ ਪਰਿਵਾਰ ਨੂੰ ਭੇਜ ਦਿੱਤੇ। ਗੁਰਮਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਆਪਣਾ ਹੱਕ ਮੰਗਣ ’ਤੇ ਉਹ ਮੁੱਕਰ ਗਿਆ। ਉਨ੍ਹਾਂ ਪੁਲੀਸ ਨੂੰ ਕੀਤੀ ਸ਼ਿਕਾਇਤ ਤੇ ਐਸਐਸਪੀ ਸੰਗਰੂਰ ਵੱਲੋਂ ਥਾਣਾ ਲੌਂਗੋਵਾਲ ਦੇ ਇੰਚਾਰਜ ਨੂੰ ਪੜਤਾਲ ਕਰਨ ਲਈ ਕਿਹਾ। ਗੁਰਮਤ ਸਿੰਘ ਨੇ ਦੱਸਿਆ ਕਿ ਥਾਣਾ ਲੌਂਗੋਵਾਲ ਦੇ ਇੰਚਾਰਜ ਵੱਲੋਂ ਉਨ੍ਹਾਂ ਕੋਲੋਂ ਪੰਜਾਹ ਹਜ਼ਾਰ ਰੁਪਏ ਕੇਸ ਦੀ ਪੜਤਾਲ ਕਰਨ ਸਬੰਧੀ ਲੈਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਧਰ ਇੰਦਰਜੀਤ ਸਿੰਘ ਨੇ ਕਿਹਾ ਕਿ ਉਸ ਨੇ ਦਾਤਾ ਰਾਮ ਦੇ ਖਾਤੇ ਦਾ ਨਾਮੀਨੇਸ਼ਨ ਹੋਣ ਦੇ ਨਾਤੇ ਪੈਸੇ ਕਢਵਾਏ ਹਨ। ਥਾਣਾ ਲੌਂਗੋਵਾਲ ਦੇ ਐਸਐਚਓ ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਪੈਸਾ ਨਹੀਂ ਲਿਆ ਗਿਆ। ਇਨ੍ਹਾਂ ਦਾ ਪਰਿਵਾਰਕ ਮਸਲਾ ਹੋਣ ਕਾਰਨ ਸ਼ਿਕਾਇਤ ਦਫ਼ਤਰ ਦਾਖਲ ਕਰ ਦਿੱਤੀ ਗਈ ਹੈ।