ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 28 ਫਰਵਰੀ
ਇੱਥੋਂ ਨੇੜਲੇ ਪਿੰਡ ਚੱਠੇ ਸੇਖਵਾਂ ਵਿੱਚ ਆਟਾ ਚੱਕੀ ਦੇ ਪਟੇ ਵਿੱਚ ਔਰਤ ਦੀ ਚੁੰਨੀ ਫਸਣ ਕਾਰਨ ਉਸ ਦੀ ਮੌਤ ਹੋ ਗਈ। ਸਦਰ ਥਾਣਾ ਬਾਲੀਆਂ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਕੌਰ ਵਾਸੀ ਚੱਠੇ ਸੇਖਵਾਂ ਦੇ ਪੁੱਤਰ ਨਾਨਕ ਸਿੰਘ ਨੇ ਬਿਆਨਾਂ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਘਰ ਆਟਾ ਚੱਕੀ ਲੱਗੀ ਹੋਈ ਹੈ। ਉਸ ਦੀ ਮਾਤਾ ਅਮਰਜੀਤ ਕੌਰ ਚੱਕੀ ’ਤੇ ਕੰਮ ਕਰ ਰਹੀ ਸੀ। ਅਚਾਨਕ ਪਟੇ ਵਿੱਚ ਉਸ ਦੀ ਮਾਤਾ ਦੀ ਚੁੰਨੀ ਫਸ ਗਈ ਅਤੇ ਚੁੰਨੀ ਫਸਣ ਕਾਰਨ ਉਸ ਦੀ ਲੱਤ ਪਟੇ ਵਿੱਚ ਫਸਣ ਕਾਰਨ ਲੱਤ ਵੱਢੀ ਗਈ ਅਤੇ ਹੋਰ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਤੁਰੰਤ ਪਟੇ ਵਿੱਚੋਂ ਕੱਢ ਕੇ ਸੰਗਰੂਰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਉਣ ਲਈ ਲੈ ਕੇ ਗਏ। ਜਿਉਂ ਹੀ ਹਸਪਤਾਲ ਪਹੁੰਚੇ ਤਾਂ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਉਸ ਦੀ ਮਾਤਾ ਦੀ ਮੌਤ ਹੋ ਗਈ। ਪੁਲੀਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕਰਨ ਅਤੇ ਲਾਸ਼ ਦਾ ਪੋਸਟਮਾਰਟਮ ਕਰਾਉਣ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਗਈ।
ਪਿੰਡ ਦੇ ਸਰਪੰਚ ਕਿਰਨਜੀਤ ਕੌਰ ਚੱਠਾ, ਬਲਾਕ ਸਮਿਤੀ ਮੈਂਬਰ ਬਿੱਕਰ ਸਿੰਘ ਅਤੇ ਚੰਦ ਸਿੰਘ ਚੱਠਾ ਸੇਖਵਾਂ ਤੋਂ ਇਲਾਵਾ ਪਿੰਡ ਦੀਆਂ ਹੋਰ ਮੋਹਤਬਰ ਸ਼ਖ਼ਸੀਅਤਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਔਰਤ ਅਮਰਜੀਤ ਕੌਰ ਦਾ ਪਤੀ ਪਹਿਲਾਂ ਹੀ ਮਰ ਚੁੱਕਾ ਹੈ ਅਤੇ ਚਾਰ ਛੋਟੇ ਛੋਟੇ ਬੱਚੇ ਹਨ। ਆਟਾ ਚੱਕੀ ਘਰ ਲਗਾ ਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਰਹੀ ਸੀ। ਹੁਣ ਘਰ ਕੋਈ ਕਮਾਈ ਦਾ ਸਾਧਨ ਨਾ ਹੋਣ ਕਾਰਨ ਪੀੜਤ ਪਰਿਵਾਰ ਦੀ ਯੋਗ ਮਦਦ ਕੀਤੀ ਜਾਵੇ।