ਜੈਸਮੀਨ ਭਾਰਦਵਾਜ
ਨਾਭਾ, 25 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਨਾਭਾ ਵਿੱਚ ਅੱਜ ਦਸਹਿਰੇ ਵਾਲੇ ਦਿਨ ਰਾਵਣ ਦੇ ਪੁਤਲੇ ਦੀ ਥਾਂ ਦੀ ਥਾਂ ਮੋਦੀ, ਅੰਬਾਨੀ, ਅਡਾਨੀ ਤੇ ਅਮਿਤ ਸ਼ਾਹ ਦਾ 35 ਫੁੱਟ ਉਚਾ ਪੁਤਲਾ ਬਣਾਇਆ ਗਿਆ। ਬੀਬੀਆਂ ਵੱਲੋਂ ਇਸ ਮੌਕੇ ਮਾਤਮੀ ਗੀਤ ਗਾਏ ਗਏ ਤੇ ਆਜ਼ਾਦੀ ਦੇ ਨਾਇਕਾਂ ਨੂੰ ਯਾਦ ਕੀਤਾ ਗਿਆ। ਇਥੇ ਦੇ ਐੱਸਡੀਐੱਮ ਦਫ਼ਤਰ ਅੱਗੇ ਲਗਾਏ ਇਸ ਪੁਤਲੇ ਨੂੰ ਬੀਬੀਆਂ ਵੱਲੋਂ ਅੱਗ ਲਾਈ ਗਈ। ਇਸ ਰਸਮ ਦੀ ਅਗਵਾਹੀ ਕਰਨ ਵਾਲੇ ਸਰਬਜੀਤ ਕੌਰ ਕਕਰਾਲਾ ਤੇ ਰਾਜਿੰਦਰ ਕੌਰ ਤੁੰਗਾ ਨੇ ਕਿਹਾ ਕਿ ਜਿਸ ਤਰ੍ਹਾਂ ਰਾਵਣ ਦਾ ਹੰਕਾਰ ਉਸਦੇ ਭਰਪੂਰ ਗਿਆਨ ਨੂੰ ਖਾ ਗਿਆ ਤੇ ਉਸੇ ਗਿਆਨ ਦੀ ਦੁਰਵਰਤੋਂ ਕਰਕੇ ਸਾਰੀ ਲੰਕਾ ਨੂੰ ਮੁਸੀਬਤ ’ਚ ਝੋਕਿਆ, ਉਸੇ ਤਰ੍ਹਾਂ ਨਰਿੰਦਰ ਮੋਦੀ ਉਸ ਹੰਕਾਰ ਦਾ ਪ੍ਰਤੀਕ ਹੈ ਜੋ ਲੋਕਾਂ ਵੱਲੋਂ ਮਿਲੇ ਸਮਰਥਨ ਦੀ ਦੁਰਵਰਤੋਂ ਕਰਕੇ ਕੇਵਲ ਕਾਰਪੋਰੇਟ ਘਰਾਣਿਆਂ ਦੇ ਲੋਭ ਨੂੰ ਧਿਆਨ ’ਚ ਰੱਖਦੇ ਹੋਏ ਸਾਰੇ ਦੇਸ਼ ਦੇ ਹਿਤ ਦਾਅ ’ਤੇ ਲਾ ਦਿੰਦਾ ਹੈ। ਲੋਕਾਂ ਦੇ ਹੱਕ, ਇਸਤਰੀਆਂ ਦੇ ਬਣਦੇ ਦਰਜੇ ਨਿਗਲਣ ਵਾਲੇ ਇਸ ਹੰਕਾਰੀ ਦਾ ਦਹਿਣ ਅੱਜ ਬੀਬੀਆਂ ਵੱਲੋਂ ਕੀਤਾ ਗਿਆ।