ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 18 ਜਨਵਰੀ
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਘਰ ਦਾ ਘਿਰਾਓ ਕਰਨ ਲਈ ਪਿੰਡ ਅਕਬਰਪੁਰ ਛੰਨਾਂ ਤੋਂ ਇਕਾਈ ਪ੍ਰਧਾਨ ਜਗਦੀਸ਼ ਸਿੰਘ ਡੀਸੀ ਦੀ ਅਗਵਾਈ ਹੇਠ ਔਰਤਾਂ ਬੱਚਿਆਂ ਸਮੇਤ ਜੱਥੇ ਨੂੰ ਰਵਾਨਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਦੇ ਪ੍ਰਧਾਨ ਜਗਦੀਸ ਸਿੰਘ ਡੀ.ਸੀ. ਅਤੇ ਰਸਪਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਭਾਜਪਾ ਸਰਕਾਰ ਵੱਲੋਂ ਕਿਸਾਨੀ ਨੂੰ ਖਤਮ ਕਰਨ ਲਈ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਵਿਚਲੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਘਰ ਦਾ ਘਿਰਾਓ ਕਰਨ ਲਈ ਪਿੰਡ ਅਕਬਰਪੁਰ ਛੰਨਾਂ ਤੋਂ ਔਰਤਾਂ ਅਤੇ ਬੱਚਿਆਂ ਦੇ ਜੱਥੇ ਸਣੇ ਕਿਸਾਨ ਆਗੂਆਂ ਵੱਲੋਂ ਇੱਕ ਟਰੱਕ ਦੀ ਰਵਾਨਗੀ ਕੀਤੀ ਗਈ ਜੋ ਧਨੌਲਾ ਪਹੁੰਚ ਕੇ ਭਾਜਪਾ ਆਗੂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਬੀਬੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਸਣੇ ਕਿਸਾਨ ਮਾਰੂ ਬਿਲਾਂ ਖ਼ਿਲਾਫ਼ ਲੜੀ ਜਾ ਰਹੀ ਜੰਗ ਵਿੱਚ ਅੱਗੇ ਹੋ ਕੇ ਇਸ ਲੜਾਈ ਨੂੰ ਲੜਨਗੇ ਤੇ ਕਦੇ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਰੱਦ ਹੋਣ ਤੱਕ ਕੇਂਦਰ ਸਰਕਾਰ ਤੇ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂ ਭੋਲਾ ਸਿੰਘ ਅਤੇ ਸੈਕਟਰੀ ਰਸਪਿੰਦਰ ਸਿੰਘ ਤੋਂ ਇਲਾਵਾ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।