ਪੱਤਰ ਪ੍ਰੇਰਕ
ਲਹਿਰਾਗਾਗਾ, 25 ਮਈ
ਨੇੜਲੇ ਪਿੰਡ ਕਾਲਬੰਜ਼ਾਰਾ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਫਾਇਨਾਂਸ ਕੰਪਨੀ ਵੱਲੋਂ ਕਰਜ਼ਾ ਦੇਣ ਦੇ ਨਾਂ ’ਤੇ ਕੀਤੀ ਜਾ ਰਹੀ ਅੰਨ੍ਹੀ ਲੁੱਟ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਿੰਡ ਆਗੂ ਮਨਜੀਤ ਕੌਰ, ਭੋਲੀ ਕੌਰ, ਚਰਨਜੀਤ ਕੌਰ, ਗੁਰਪ੍ਰੀਤ ਕੌਰ ਅਤੇ ਸਤਿਗੁਰ ਸਿੰਘ ਨੇ ਕਿਹਾ ਕਿ ਫਾਇਨਾਂਸ ਕੰਪਨੀ ਵਾਲੇ ਵਿਆਜ ’ਤੇ ਵਿਆਜ ਲਗਾ ਰਹੇ ਹਨ ਜਿਸ ਕਾਰਨ ਮੂਲ ਨਾਲੋਂ ਵੀ ਵੱਧ ਰਕਮ ਵਿਆਜ ਨਾਲ ਜੋੜ ਕੇ ਬਣਾ ਦਿੱਤੀ ਗਈ ਹੈ । ਜਥੇਬੰਦੀ ਦੇ ਸੂਬਾ ਪ੍ਰਧਾਨ ਨੇ ਕਿਹਾ ਹੈ ਮਾਈਕ੍ਰੋਫਾਇਨਾਂਸ ਕੰਪਨੀਆਂ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਹਦਾਇਤਾਂ ਦੀ ਧੱਜੀਆਂ ਉਡਾ ਕੇ ਕਾਨੂੰਨ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਕਾਲਬੰਜਾਰਾ ਦੇ ਘਰਾਂ ਵਿੱਚ ਔਰਤਾਂ ਨੂੰ ਜਾ ਕੇ ਉਪਰੋਕਤ ਕੰਪਨੀ ਦੇ ਮੁਲਾਜ਼ਮ ਡਰਾਉਂਦੇ -ਧਮਕਾਉਂਦੇ ਹਨ ਅਤੇ ਘਰੋਂ ਸਾਮਾਨ ਚੁੱਕ ਕੇ ਲੈ ਕੇ ਜਾਣ ਦੀਆਂ ਧਮਕੀਆਂ ਦੇਣ ਦੇ ਦੋਸ਼ ਵੀ ਲਾਏ।