ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਜੁਲਾਈ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪਿੰਡ ਨਾਗਰਾ ਦੇ ਦਲਿਤ ਖੇਤ ਮਜ਼ਦੂਰ ਅੱਠ ਏਕੜ ਰਾਖਵੇਂ ਹਿੱਸੇ ਦੀ ਪੰਚਾਇਤ ਜ਼ਮੀਨ ਸਾਂਝੇ ਤੌਰ ’ਤੇ ਘੱਟ ਰੇਟ ਤੇ ਲੈਣ ਵਿੱਚ ਸਫਲ ਹੋ ਗਏ ਹਨ। ਇਸ ਸਬੰਧੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਸਕੱਤਰ ਧਰਮਪਾਲ ਨਮੋਲ ਅਤੇ ਇਕਾਈ ਆਗੂ ਪ੍ਰੇਮ ਸਿੰਘ ਨੇ ਦੱਸਿਆ ਕਿ ਹੁਣ ਤੱਕ ਪੰਚਾਇਤੀ ਜ਼ਮੀਨ ਦੀਆਂ ਬੋਲੀਆਂ ਘੱਟ ਰੇਟ ਦੀ ਮੰਗ ਦੇ ਕਾਰਨ 6 ਵਾਰ ਰੱੱਦ ਹੋ ਚੁੱਕੀਆਂ ਸਨ। ਅੱਜ ਸੱਤਵੀਂ ਵਾਰ ਬੋਲੀ ਰੱਖੀ ਗਈ ਸੀ, ਬੋਲੀ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਪੰਚਾਇਤ ਸਕੱਤਰ ਕੁਲਦੀਪ ਸਿੰਘ ਪਹੁੰਚੇ ਸਨ। ਉਨ੍ਹਾਂ ਵੱਲੋਂ ਪੰਚਾਇਤ ਦੀ ਹਾਜ਼ਰੀ ਵਿੱਚ ਸਰਕਾਰੀ ਨਿਯਮਾਂ ਅਨੁਸਾਰ ਬੋਲੀ ਸ਼ੁਰੂ ਕੀਤੀ ਗਈ। ਖੇਤ ਮਜ਼ਦੂਰਾਂ ਵੱਲੋਂ ਸਾਂਝੇ ਤੌਰ ਤੇ ਤਿੰਨ ਵਿਅਕਤੀਆਂ ਦੀ ਸਕਿਉਰਿਟੀ ਜਮ੍ਹਾਂ ਕਰਵਾਈ ਗਈ। ਖੇਤ ਮਜ਼ਦੂਰਾਂ ਨੇ 8 ਏਕੜ ਜ਼ਮੀਨ ਡੇਢ ਲੱਖ ਰੁਪਏ ਵਿੱਚ ਪ੍ਰਾਪਤ ਕੀਤੀ।
ਇਸ ਮੌਕੇ ਬਿੰਦਰ ਸਿੰਘ, ਬੰਟੀ ਸਿੰਘ, ਸੁਖਦੇਵ ਸਿੰਘ ਸੁੱਖਾ ਤੇ ਭੋਲਾ ਸਿੰਘ ਹਾਜ਼ਰ ਸਨ। ਪੰਚਾਇਤ ਸਕੱਤਰ ਕੁਲਦੀਪ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਨਾਗਰਾ ਦੀ ਰਿਜ਼ਰਵ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਸਰਕਾਰੀ ਨਿਯਮਾਂ ਅਨੁਸਾਰ ਕੀਤੀ ਗਈ ਹੈ।