ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 31 ਅਗਸਤ
ਖੇਤ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਖ਼ਿਲਾਫ਼ ਅੱਜ ਮਜ਼ਦੂਰਾਂ ਦੇ ਇੱਕ ਵਫ਼ਦ ਨੇ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਸਥਾਨਕ ਸ਼ਹਿਰ ’ਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਪੁੱਜ ਕੇ ਇਨ੍ਹਾਂ ਮਜ਼ਦੂਰਾਂ ਨੇ ਦੋਸ਼ ਲਾਏ ਕਿ ਖੇਤ ਮਜ਼ਦੂਰ ਅੱਜ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੜਕਾਂ ’ਤੇ ਰੁਲਣ ਲਈ ਮਜਬੂਰ ਹਨ। ਮਜ਼ਦੂਰ ਆਗੂ ਧਰਮਪਾਲ ਨਮੋਲ ਅਤੇ ਸੱਤਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਬਹੁਤ ਸਾਰੇ ਵਾਅਦੇ ਕੀਤੇ ਗਏ ਪਰ ਉਹ ਅਮਲੀ ਰੂਪ ’ਚ ਹਾਲੇ ਤੱਕ ਲਾਗੂ ਨਹੀਂ ਹੋ ਸਕੇ। ਅੱਜ ਵੀ ਖੇਤ ਮਜ਼ਦੂਰਾਂ ਨੂੰ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਲੈਣ ਲਈ ਸੰਘਰਸ਼ ਕਰਨਾ ਪੈਂਦਾ ਹੈ ਅਤੇ ਪ੍ਰਸ਼ਾਸਨ ਦੇ ਨੱਕ ਹੇਠ ਪਿੰਡਾਂ ਅੰਦਰ ਲਗਾਤਾਰ ਡੰਮੀ ਬੋਲੀਆਂ ਹੋ ਰਹੀਆਂ ਹਨ, ਜਿਸ ਕਾਰਨ ਖੇਤ ਮਜ਼ਦੂਰ ਜ਼ਮੀਨਾਂ ਤੋਂ ਵਾਂਝੇ ਹਨ। ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਨ ਦੀ ਗੱਲ ਤਾਂ ਬਹੁਤ ਦੂਰ ਰਹੀ। ਇਸੇ ਤਰ੍ਹਾਂ ਨਾ ਹੀ ਖੇਤ ਮਜ਼ਦੂਰਾਂ ਨੂੰ ਪਿੰਡਾਂ ਅੰਦਰ ਪਲਾਟ ਅਲਾਟ ਹੋਏ ਹਨ ਅਤੇ ਨਾ ਹੀ ਜਿਹੜੇ ਪਿੰਡਾਂ ’ਚ ਪਲਾਟ ਅਲਾਟ ਹੋਏ ਹਨ। ਖੇਤ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਵੀ ਰੱਦ ਨਹੀਂ ਕੀਤਾ ਗਿਆ। ਮਜ਼ਦੂਰਾਂ ਦਾ ਮੰਗ ਪੱਤਰ ਅਮਨ ਅਰੋੜਾ ਦੀ ਰਿਹਾਇਸ਼ ’ਤੇ ਦਫ਼ਤਰ ਇੰਚਾਰਜ ਸੰਜੀਵ ਕੁਮਾਰ ਸੰਜੂ ਨੇ ਹਾਸਲ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ ਖ਼ਿਲਾਫ਼ ਕੀਤੀ ਛਾਪੇਮਾਰੀ ਦੀ ਵੀ ਨਿੰਦਾ ਕੀਤੀ।