ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਜੂਨ
ਸ਼ਹਿਰ ਵਿੱਚ ਕਰੀਬ ਅੱਧੀ ਦਰਜਨ ਥਾਵਾਂ ’ਤੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ ਹਨ, ਜਿਸ ਦੀ ਸੂਚਨਾ ਮਿਲਦਿਆਂ ਹੀ ਸਿਵਲ ਤੇ ਪੁਲੀਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਤੇ ਸਾਰੀਆਂ ਥਾਵਾਂ ਉੱਪਰ ਲਿਖੇ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ। ਉਧਰ, ਸੰਗਰੂਰ ਪੁਲੀਸ ਨੇ ਗੁਰਪਤਵੰਤ ਸਿੰਘ ਪੰਨੂ ਸਣੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਬਨਾਸਰ ਬਾਗ ਨੇੜੇ ਬੰਦ ਦੋ ਦੁਕਾਨਾਂ ਦੇ ਸ਼ਟਰਾਂ, ਬਾਬਾ ਨਾਮਦੇਵ ਚੌਕ, ਦੋ ਕਾਰਾਂ, ਕੋਵਿਡ ਸੈਂਟਰ ਦੇ ਬਾਹਰ, ਡੀਸੀ ਕੰਪਲੈਕਸ ਰੋਡ ’ਤੇ ਜਲ ਸਪਲਾਈ ਵਿਭਾਗ ਦੀ ਪਾਣੀ ਟੈਸਟ ਲੈਬਾਰਟਰੀ ਦੇ ਗੇਟ ਅਤੇ ਸਰਕਾਰੀ ਰਣਬੀਰ ਕਲੱਬ ਦੇ ਗੇਟ ਨੇੜੇ ਕੰਧ ’ਤੇ ਕਾਲੇ ਅੱਖਰਾਂ ਵਿੱਚ ‘‘ਖਾਲਿਸਤਾਨ ਜ਼ਿੰਦਾਬਾਦ’’ ਅਤੇ ‘‘ਐੱਸ.ਐੱਫ.ਜੇ ’’ ਲਿਖਿਆ ਗਿਆ ਸੀ। ਸਵੇਰੇ ਇਸ ਬਾਰੇ ਸਵੇਰੇ ਪਤਾ ਲੱਗਦਿਆਂ ਹੀ ਪੁਲੀਸ ਨੇ ਖਾਲਿਸਤਾਨੀ ਪੱਖੀ ਨਾਅਰਿਆਂ ’ਤੇ ਕਾਲਾ ਰੰਗ ਫੇਰ ਦਿੱਤਾ। ਪੁਲੀਸ ਅਨੁਸਾਰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ’ਚ ਗੁਰਪਤਵੰਤ ਸਿੰਘ ਪੰਨੂ ਖਾਲਿਸਤਾਨੀ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗੁਰਪਤਵੰਤ ਸਿੰਘ ਪੰਨੂ ਅਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਜ਼ੇਰੇ ਦਫ਼ਾ 153ਏ, 153ਬੀ, 427, 120ਬੀ ਆਈ.ਪੀ.ਸੀ., 13,18, ਯੂ.ਏ.ਪੀ.ਏ ਐਕਟ 1967 ਐਂਡ ਸੈਕਸ਼ਨ 3 ਪੰਜਾਬ ਪ੍ਰੋਵੈਂਸ਼ਨ ਆਫ਼ ਡਿਫੇਸਮੈਂਟ ਪ੍ਰਾਪਰਟੀ ਆਰਡੀਨੈਂਸ ਐਕਟ 1997 ਤਹਿਤ ਥਾਣਾ ਸਿਟੀ ਸੰਗਰੂਰ ਵਿੱਚ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।