ਪੱਤਰ ਪ੍ਰੇਰਕ
ਭਵਾਨੀਗੜ੍ਹ, 7 ਦਸੰਬਰ
ਪੰਜਾਬ ਪੁਲੀਸ ਕਾਂਸਟੇਬਲ ਭਰਤੀ ਵਿੱਚ ਘਪਲੇਬਾਜ਼ੀ ਦੇ ਦੋਸ਼ ਲਗਾਉਂਦਿਆਂ ਨੌਜਵਾਨ ਮੁੰਡੇ ਕੁੜੀਆਂ ਵੱਲੋਂ 6 ਦਸੰਬਰ ਨੂੰ ਸੰਗਰੂਰ ਤੋਂ ਮੁੱਖ ਮੰਤਰੀ ਚੰਨੀ ਦੀ ਕੋਠੀ ਤੱਕ ਡੰਡੌਤ ਯਾਤਰਾ ਸ਼ੁਰੂ ਕੀਤੀ ਗਈ ਸੀ ਜੋ ਰਾਤ ਇੱਥੇ ਠਹਿਰਣ ਮਗਰੋਂ ਅੱਜ ਸਵੇਰੇ ਡੰਡੌਤ ਕਰਦੀ ਪਟਿਆਲਾ ਨੂੰ ਰਵਾਨਾ ਹੋ ਗਈ। ਇਸ ਮੌਕੇ ਸਾਬਕਾ ਨਾਇਕ ਜਸਪਾਲ ਸਿੰਘ, ਦਵਿੰਦਰ ਸਿੰਘ ਖੰਨਾ, ਮਨਪ੍ਰੀਤ ਸਿੰਘ ਧੂਰੀ, ਦਵਿੰਦਰ ਧੂਰੀ, ਗੁਰਪ੍ਰੀਤ ਕੌਰ, ਅਵਨੀਤ ਕੌਰ, ਰੀਨਾ ਰਾਣੀ, ਜੋਤ ਕੌਰ ਤੇ ਰਮਨ ਮਾਨਸਾ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਾਂਸਟੇਬਲ ਭਰਤੀ ਵਿੱਚ ਇਨਸਾਫ ਲੈਣ ਲਈ ਉਨ੍ਹਾਂ ਨੇ ਇਹ ਕਠਿਨ ਰਸਤਾ ਅਖਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਵੱਲੋਂ ਸ਼ਹਿਰ ਦੀ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਕੈਬਨਿਟ ਮੰਤਰੀ ਸਿੰਗਲਾ ਦਾ ਕਾਫਲਾ ਜਾਮ ਵ’ਚ ਫਸ ਗਿਆ ਸੀ, ਪਰ ਉਹ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਥਾਂ ਗੱਡੀਆਂ ਭਜਾ ਕੇ ਲੈ ਗਏ।