ਬੀਰਬਲ ਰਿਸ਼ੀ
ਸ਼ੇਰਪੁਰ, 25 ਅਗਸਤ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਅੱਜ ਪੁਲੀਸ ਦੀਆਂ ਭਾਰੀ ਰੋਕਾਂ ਦੇ ਬਾਵਜੂਦ ਹੇੜੀਕੇ ’ਚ ਕਥਿਤ ਰਾਖਵੇਂ ਕੋਟੇ ਦੀ 7 ਕਿੱਲੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਕੇ ਜਿੱਥੇ ਸੂਹਾ ਝੰਡਾ ਝੁਲਾਇਆ ਉੱਥੇ ਪੰਚਾਇਤੀ ਜ਼ਮੀਨ ਵਿੱਚੋਂ ਪਿੰਡ ਦੇ ਮੋਹਤਬਰ ਆਗੂ ਦੇ ਖੇਤ ਨੂੰ ਲੰਘਦਾ ਕੱਚਾ ਰਸਤਾ ਵੀ ਕਹੀਆਂ ਨਾਲ ਪੁੱਟ ਕੇ ਜ਼ਮੀਨ ਵਿੱਚ ਮਿਲਾ ਦਿੱਤਾ। ਜਾਣਕਾਰੀ ਅਨੁਸਾਰ ਉਕਤ ਜ਼ਮੀਨ ’ਤੇ ਕਬਜ਼ੇ ਦੇ ਐਲਾਨ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਵਿਵਾਦਤ ਜਗ੍ਹਾ ਦੇ ਐਨ ਸਾਹਮਣੇ ਹੇੜੀਕੇ ਦੀ ਦਾਣਾ ਮੰਡੀ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਐਸਪੀ (ਡੀ) ਪਲਵਿੰਦਰ ਸਿੰਘ ਚੀਮਾ, ਡੀਐਸਪੀ ਯੋਗੇਸ਼ ਸ਼ਰਮਾਂ ਦੀ ਸਾਂਝੀ ਅਗਵਾਈ ਹੇਠ ਐਂਬੂਲੈਂਸ, ਫਾਇਰ ਬਿਗ੍ਰੇਡ, ਵਾਟਰ ਕੈਨਨ ਦਾ ਇੰਤਜ਼ਾਮ ਕੀਤਾ ਗਿਆ ਸੀ। ਵਿਵਾਦਤ ਜ਼ਮੀਨ ਵੱਲ ਜਾਂਦੇ ਰਸਤੇ ’ਤੇ ਬੈਰੀਗੇਡ ਲਗਾਏ ਹੋਏ ਸਨ ਜਦੋਂ ਇਸੇ ਸੜਕ ਦੇ ਦੂਜੇ ਪਾਸੇ ਈਨਾਬਾਜਵਾ ਦੀ ਗਊਸ਼ਾਲਾ ਨੇੜੇ ਟੀ ਪੁਆਇੰਟ ’ਤੇ ਵੀ ਬੈਰੀਕੇਡ ਲਗਾ ਕੇ ਨਾਕਾ ਲਗਾਇਆ ਹੋਇਆ ਸੀ। ਜ਼ੈੱਡਪੀਐਸਸੀ ਦੀ ਜ਼ੋਨਲ ਜਨਰਲ ਸਕੱਤਰ ਬੀਬੀ ਪਰਮਜੀਤ ਕੌਰ ਲੌਂਗੋਵਾਲ ਦੀ ਅਗਵਾਈ ਹੇਠ ਕਈ ਵਾਹਨਾਂ ਵਿੱਚ ਮਜ਼ਦੂਰ ਰੋਕਾਂ ਤੋੜ ਕੇ ਹੇੜੀਕੇ ਵਾਲੇ ਪਾਸਿਓਂ ਦਾਖਲ ਹੋਏ ਤੇ ਮੰਡੀ ਵਿੱਚ ਇਕੱਠੇ ਹੋ ਕੇ ਵਿਵਾਦਤ ਜ਼ਮੀਨ ’ਤੇ ਜਾ ਕੇ ਸੂਹਾ ਝੰਡਾ ਲਹਿਰਾਇਆ। ਇਸ ਮੌਕੇ ਨੂੰ ਸੰਬੋਧਨ ਕਰਦਿਆਂ ਮੁਕੇਸ਼ ਮਲੌਦ ਨੇ ਕਿਹਾ ਕਿ ਕਿਸੇ ਗੈਰ ਨੂੰ ਇਸ ਜ਼ਮੀਨ ’ਤੇ ਪੈਰ ਨਹੀਂ ਧਰਨ ਦਿਆਂਗੇ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਤੋਂ ਇੱਕ ਮੋਹਤਬਰ ਵੱਲੋਂ ਆਪਣੇ ਨਿੱਜੀ ਖੇਤ ਨੂੰ ਕੱਢੀ ਪਹੀ ਨੂੰ ਅੱਜ ਵਾਹ ਦਿੱਤਾ ਗਿਆ ਹੈ। ਵਿੱਤ ਸਕੱਤਰ ਬਿੱਕਰ ਹਥੋਆ ਆਦਿ ਨੇ ਦੱਸਿਆ ਕਿ ਇਸ ਮਾਮਲੇ ’ਤੇ ਏਡੀਸੀ ਦੀ ਪੜਤਾਲ ਲਗਾਈ ਗਈ ਹੈ ਅਤੇ ਭਰੋਸਾ ਦਿੱਤਾ ਗਿਆ ਹੈ ਮਾਮਲੇ ਦੇ ਹੱਲ ਤੱਕ ਕਿਸੇ ਨੂੰ ਇਸ ਜਗ੍ਹਾ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਐਸਪੀ ਡੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਅਮਨ ਸ਼ਾਂਤੀ ਭੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਧਰ, ਮੋਹਤਬਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਉੱਚ ਅਦਾਲਤ ’ਚ ਜਾਣਗੇ।